ਪਟਿਆਲਾ, 13 ਮਾਰਚ (ਪੰਜਾਬ ਮੇਲ)- ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਕੇਂਦਰੀ ਪੰਜਾਬੀ ਮਿੰਨੀ ਕਹਾਣੀ ਲੇਖਕ ਮੰਚ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਨਾਰੀ ਦਿਵਸ ਅਤੇ ਸਭਾ ਦੇ ਸਰਪ੍ਰਸਤ ਡਾ. ਗੁਰਬਚਨ ਸਿੰਘ ਰਾਹੀ ਦੀ ਨਿੱਘੀ ਯਾਦ ਨੂੰ ਸਮਰਪਿਤ ਯਾਦਗਾਰੀ ਅਤੇ ਵਿਸ਼ਾਲ ਸਾਹਿਤਕ ਸਮਾਗਮ ਭਾਸ਼ਾ ਵਿਭਾਗ, ਪੰਜਾਬ, ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਭਾਗ ਅਤੇ ਪ੍ਰੋ. ਗੁਰਦਿਆਲ ਸਿੰਘ ਚੇਅਰ ਦੇ ਮੁਖੀ ਡਾ. ਰਾਜਵੰਤ ਕੌਰ ‘ਪੰਜਾਬੀ’ ਨੇ ਕੀਤੀ। ਮੁੱਖ ਮਹਿਮਾਨ ਵਜੋਂ ਮਿੰਨੀ ਕਹਾਣੀ ਲੇਖਕ ਬੀਰ ਇੰਦਰ ਸਿੰਘ ਬਨਭੌਰੀ ਸਨ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’, ਕੇਂਦਰੀ ਪੰਜਾਬੀ ਮਿੰਨੀ ਕਹਾਣੀ ਲੇਖਕ ਮੰਚ ਦੇ ਪ੍ਰਧਾਨ ਡਾ. ਹਰਪ੍ਰੀਤ ਸਿੰਘ ਰਾਣਾ, ਉੱਘੇ ਸਮਾਜ ਸੇਵੀ ਭਗਵਾਨ ਦਾਸ ਗੁਪਤਾ, ਮਿੰਨੀ ਕਹਾਣੀ ਲੇਖਿਕਾ ਸੀਮਾ ਵਰਮਾ (ਲੁਧਿਆਣਾ) ਅਤੇ ਸੁਖਦੇਵ ਸਿੰਘ ਸ਼ਾਂਤ ਸ਼ਾਮਲ ਹੋਏ। ਇਸ ਦੌਰਾਨ ਮਿੰਨੀ ਕਹਾਣੀ ਲੇਖਕ ਰਘਬੀਰ ਸਿੰਘ ਮਹਿਮੀ ਨੂੰ 26ਵੇਂ ‘ਮਾਤਾ ਮਾਨ ਕੌਰ ਮਿੰਨੀ ਕਹਾਣੀ ਯਾਦਗਾਰੀ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ। ਇਸ ਪੁਰਸਕਾਰ ਵਿਚ ਉਨ੍ਹਾਂ ਨੂੰ ਨਗਦ ਰਾਸ਼ੀ ਤੋਂ ਇਲਾਵਾ ਸ਼ਾਲ ਅਤੇ ਸਨਮਾਨ ਪੱਤਰ ਆਦਿ ਭੇਂਟ ਕੀਤੇ ਗਏ। ਉਨ੍ਹਾਂ ਦੀ ਮਿੰਨੀ ਕਹਾਣੀ ਕਲਾ ਬਾਰੇ ਸਰਬਾਂਗੀ ਲੇਖਕ ਸੁਖਦੇਵ ਸਿੰਘ ਸ਼ਾਂਤ ਨੇ ਭਾਵਪੂਰਤ ਪਰਚਾ ਪੜ੍ਹਿਆ। ਉਨ੍ਹਾਂ ਬਾਰੇ ਸਨਮਾਨ ਪੱਤਰ ਬਲਬੀਰ ਸਿੰਘ ਦਿਲਦਾਰ ਨੇ ਪ੍ਰਸਤੁੱਤ ਕੀਤਾ, ਜਦੋਂਕਿ ਜਨਰਲ ਸਕੱਤਰ ਦਵਿੰਦਰ ਪਟਿਆਲਵੀ ਨੇ ਇਸ ਸਨਮਾਨ ਬਾਰੇ ਚਰਚਾ ਕੀਤੀ।
ਸਮਾਗਮ ਦੇ ਆਰੰਭ ਵਿਚ ਡਾ. ਦਰਸ਼ਨ ਸਿੰਘ ਆਸ਼ਟ ਨੇ ਪੁੱਜੇ ਲੇਖਕਾਂ ਦਾ ਸਵਾਗਤ ਕੀਤਾ। ਉਪਰੰਤ ਡਾ. ਰਾਜਵੰਤ ਕੌਰ ਪੰਜਾਬੀ ਨੇ ਕਿਹਾ ਕਿ ਵਰਤਮਾਨ ਦੌਰ ‘ਚ ਯੂਨੀਵਰਸਿਟੀਆਂ ਵਰਗੇ ਅਦਾਰਿਆਂ ‘ਚ ਮੌਲਿਕ ਅਤੇ ਖੋਜ ਖੇਤਰ ਦੇ ਹਵਾਲੇ ਨਾਲ ਮਿੰਨੀ ਕਹਾਣੀ ਦੇ ਵਿਕਾਸ ਦੀਆਂ ਭਰਪੂਰ ਸੰਭਾਵਨਾਵਾਂ ਮੌਜੂਦ ਹਨ ਅਤੇ ਇਹ ਵਿਧਾ ਥੋੜ੍ਹੇ ਸ਼ਬਦਾਂ ਵਿਚ ਭਰਪੂਰ ਊਰਜਾ ਨਾਲ ਆਪਣੇ ਮਕਸਦ ਦਾ ਬਿਆਨ ਕਰਦੀ ਹੈ। ਡਾ. ਹਰਪ੍ਰੀਤ ਸਿੰਘ ਰਾਣਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਆਪਣੀ ਮਾਤਾ ਜੀ ਦੀ ਨਿੱਘੀ ਯਾਦ ‘ਚ ਪਿਛਲੇ 26 ਸਾਲਾਂ ਤੋਂ ਮਿੰਨੀ ਕਹਾਣੀ ਲੇਖਕਾਂ ਨੂੰ ਪੁਰਸਕਾਰ ਪ੍ਰਦਾਨ ਕਰਨ ਦੀ ਰਵਾਇਤ ਮੱਠੀ ਨਹੀਂ ਪਵੇਗੀ ਕਿਉਂਕਿ ਇਸ ਵਿਧਾ ਨਾਲ ਕਲਮਕਾਰਾਂ ਦਾ ਇਕ ਮਜ਼ਬੂਤ ਕਾਫ਼ਲਾ ਜੁੜ ਚੁੱਕਾ ਹੈ। ਬੀਰ ਇੰਦਰ ਸਿੰਘ ਬਨਭੌਰੀ ਦਾ ਕਹਿਣਾ ਸੀ ਕਿ ਸਾਹਿਤ ਸਭਾ ਅਤੇ ਮਿੰਨੀ ਕਹਾਣੀ ਲੇਖਕ ਮੰਚ ਦੇ ਅਜਿਹੇ ਸਾਂਝੇ ਉਪਰਾਲੇ ਪੰਜਾਬੀ ਮਾਂ ਬੋਲੀ ਦੀ ਤਰੱਕੀ ਦੇ ਨਿਰੰਤਰ ਵਿਕਾਸ ਦਾ ਸੂਚਕ ਹਨ। ਭਗਵਾਨ ਦਾਸ ਗੁਪਤਾ ਨੇ ਕਿਹਾ ਕਿ ਸਾਹਿਤ ਦੇ ਦੀਪਕ ਸਮਾਜ ਨੂੰ ਚੇਤਨਾ ਦੇ ਚਾਨਣ ਨਾਲ ਰੌਸ਼ਨੀ ਪ੍ਰਦਾਨ ਕਰਦੇ ਰਹਿੰਦੇ ਹਨ। ਸੀਮਾ ਵਰਮਾ, ਡਾ. ਜਗਜੀਤ ਸਿੰਘ, ਤ੍ਰਿਲੋਕ ਸਿੰਘ ਢਿੱਲੋਂ ਅਤੇ ਕੁਲਵੰਤ ਸਿੰਘ ਨਾਰੀਕੇ ਨੇ ਵੀ ਸੰਵਾਦ ਰਚਾਇਆ। ਅੰਤ ਵਿਚ ਰਘਬੀਰ ਸਿੰਘ ਮਹਿਮੀ ਨੇ ਮਿਲੇ ਸਨਮਾਨ ਲਈ ਸਭਾ ਅਤੇ ਮੰਚ ਦਾ ਧੰਨਵਾਦ ਕਰਦਿਆਂ ਰਚਨਾ ਪ੍ਰਕਿਰਿਆ ਬਾਰੇ ਚਰਚਾ ਕੀਤੀ। ਇਸ ਤੋਂ ਇਲਾਵਾ ਨਿਰਮਲਾ ਗਰਗ (ਲਹਿਰਾਗਾਗਾ), ਸਤਨਾਮ ਚੌਹਾਨ, ਅਮਰ ਗਰਗ ਕਲਮਦਾਨ (ਧੂਰੀ), ਜਗਤਾਰ ਸਿੰਘ ਸ਼ਹਿਰੀ (ਯੂ.ਕੇ.), ਨਾਇਬ ਸਿੰਘ ਬਦੇਸ਼ਾ, ਸਤਨਾਮ ਸਿੰਘ ਮੱਟੂ, ਅਨਹਦ ਕੌਰ, ਬਚਨ ਸਿੰਘ ਗੁਰਮ, ਕਾਜਲ ਗੋਇਲ, ਜੋਗਾ ਸਿੰਘ ਪੰਜਾਬੀ, ਕਰਮਜੀਤ ਕੌਰ ਬੱਗਾ, ਕੁਲਵਿੰਦਰ ਕੁਮਾਰ ਬਹਾਦਰਗੜ੍ਹ, ਜੱਗਾ ਰੰਗੂਵਾਲ, ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ ਆਦਿ ਨੇ ਵੰਨ-ਸੁਵੰਨੇ ਵਿਸ਼ਿਆਂ ਵਾਲੀਆਂ ਰਚਨਾਵਾਂ ਸੁਣਾਈਆਂ।
ਇਸ ਸਮਾਗਮ ਵਿਚ ਅਮਰਜੀਤ ਸਿੰਘ ਵਾਲੀਆ, ਅੰਮ੍ਰਿਤਪਾਲ ਸਿੰਘ ਸ਼ੈਦਾ, ਗੁਰਚਰਨ ਸਿੰਘ ਪੱਬਾਰਾਲੀ, ਹਰਬੰਸ ਸਿੰਘ ਮਾਨਕਪੁਰੀ, ਰਣਜੀਤ ਕੌਰ ਆਂਸੂ, ਮਾਸਟਰ ਹਰਦੇਵ ਸਿੰਘ ਪ੍ਰੀਤ (ਪਾਤੜਾਂ), ਬਲਵਿੰਦਰ ਕੌਰ ਸੋਨੀਆ, ਕਿਰਨਦੀਪ ਕੌਰ, ਹਰਦੀਪ ਸਿੰਘ ਭੱਟੀ, ਤੇਜਿੰਦਰ ਸਿੰਘ ਅਨਜਾਨਾ, ਐੱਸ.ਐੱਨ. ਚੌਧਰੀ, ਸੁਖਦੇਵ ਸਿੰਘ ਚਹਿਲ, ਬਲਦੇਵ ਸਿੰਘ ਬਿੰਦਰਾ (ਚੰਡੀਗੜ੍ਹ), ਰਾਜੇਸ਼ਵਰ ਕੁਮਾਰ, ਸਾਬਕਾ ਡੀ.ਐੱਸ.ਪੀ. ਨਾਹਰ ਸਿੰਘ, ਜੈਮਲ, ਐੱਮ.ਐੱਸ.ਜੱਗੀ, ਕੁਲਦੀਪ ਪਟਿਆਲਵੀ, ਜਸਵੰਤ ਕੌਰ, ਅਰਸ਼ਦੀਪ ਸਿੰਘ, ਰੰਗਕਰਮੀ ਗੋਪਾਲ ਸ਼ਰਮਾ, ਬਜਿੰਦਰ ਠਾਕੁਰ, ਰਾਜੇਸ਼ ਕੋਟੀਆ, ਸੁਖਵਿੰਦਰ ਕੌਰ, ਲਕਸ਼ਦੀਪ ਕੌਰ, ਦਲਜੀਤ ਕੌਰ, ਨਮਨਪ੍ਰੀਤ ਕੌਰ, ਕਾਮਰੇਡ ਸੁਰਜੀਤ ਸਿੰਘ, ਅਮਰਜੀਤ ਸਿੰਘ, ਸੁਰਿੰਦਰ ਕੌਰ, ਕੁਲਦੀਪ ਕੌਰ, ਵਿਜੇ ਕੁਮਾਰ, ਦੀਵਾਂਸ਼ੂ ਵਰਮਾ ਆਦਿ ਲੇਖਕਾਂ ਅਤੇ ਸਾਹਿਤ—ਪ੍ਰੇਮੀ ਆਦਿ ਵੱਡੀ ਗਿਣਤੀ ‘ਚ ਸ਼ਾਮਲ ਸਨ। ਮੰਚ ਸੰਚਾਲਨ ਮਿੰਨੀ ਕਹਾਣੀ ਲੇਖਕ ਦਵਿੰਦਰ ਪਟਿਆਲਵੀ ਨੇ ਬਾਖੂਬੀ ਨਿਭਾਇਆ। ਵਿਸ਼ੇਸ਼ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਕ੍ਰਿਸ਼ਨ ਲਾਲ ਧੀਮਾਨ ਵੱਲੋਂ ਆਪਣੀ ਖ਼ੂਬਸੂਰਤ ਦਸਤਕਲਾ ਦੇ ਸੁੰਦਰ ਸ਼ਾਬਦਿਕ ਨਮੂਨੇ ਵੀ ਮਹਿਮਾਨਾਂ ਨੂੰ ਭੇਂਟ ਕੀਤੇ ਗਏ। ਸਤਨਾਮ ਸਿੰਘ ਨੇ ਧੰਨਵਾਦ ਕੀਤਾ। ਅੰਤ ਵਿਚ ਸਭਾ ਦੇ ਸਰਪ੍ਰਸਤ ਡਾ. ਗੁਰਬਚਨ ਸਿੰਘ ਰਾਹੀ ਦੀ ਯਾਦ ‘ਚ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ।
ਪੰਜਾਬੀ ਸਾਹਿਤ ਸਭਾ ਪਟਿਆਲਾ ਅਤੇ ਕੇਂਦਰੀ ਪੰਜਾਬੀ ਮਿੰਨੀ ਕਹਾਣੀ ਲੇਖਕ ਮੰਚ ਵੱਲੋਂ ਰਘਬੀਰ ਸਿੰਘ ਮਹਿਮੀ 26ਵੇਂ ‘ਮਾਤਾ ਮਾਨ ਕੌਰ -ਮਿੰਨੀ ਕਹਾਣੀ ਯਾਦਗਾਰੀ ਪੁਰਸਕਾਰ’ ਨਾਲ ਸਨਮਾਨਿਤ

