#AMERICA

ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਵੱਲੋਂ 20ਵੀਂ ਅੰਤਰਰਾਸ਼ਟਰੀ ਕਾਨਫਰੰਸ ਕਾਮਯਾਬੀ ਨਾਲ ਸੰਪੰਨ

– ਕਾਨਫਰੰਸ ਸੁਰਜੀਤ ਪਾਤਰ, ਮਹਿੰਦਰ ਸਿੰਘ ਘੱਗ ਅਤੇ ਰਬਿੰਦਰ ਸਿੰਘ ਅਟਵਾਲ ਨੂੰ ਕੀਤੀ ਗਈ ਸਮਰਪਿਤ
– ਦੇਸ਼ਾਂ-ਵਿਦੇਸ਼ਾਂ ਤੋਂ ਪਹੁੰਚੇ ਸਾਹਿਤਕਾਰ
ਸੈਕਰਾਮੈਂਟੋ, 29 ਮਈ (ਪੰਜਾਬ ਮੇਲ)- ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਵੱਲੋਂ 20ਵੀਂ ਅੰਤਰਰਾਸ਼ਟਰੀ ਕਾਨਫਰੰਸ ਕਾਮਯਾਬੀ ਨਾਲ ਕਰਵਾਈ ਗਈ। ਪੂਜਾ ਰੈਸਟੋਰੈਂਟੋ, ਵੈਸਟ ਸੈਕਰਾਮੈਂਟੋ ਦੇ ਹਾਲ ਵਿਚ ਹੋਈ ਇਸ ਕਾਨਫਰੰਸ ਵਿਚ ਦੇਸ਼ਾਂ-ਵਿਦੇਸ਼ਾਂ ਤੋਂ ਸਾਹਿਤਕਾਰ ਅਤੇ ਬੁੱਧੀਜੀਵੀ ਪਹੁੰਚੇ। ਸਵੇਰੇ ਸ਼ੁਰੂ ਹੋ ਕੇ ਦੇਰ ਸ਼ਾਮ ਤੱਕ ਚੱਲੀ ਇਸ ਕਾਨਫਰੰਸ ਨੂੰ ਚਾਰ ਭਾਗਾਂ ਵਿਚ ਵੰਡਿਆ ਗਿਆ ਸੀ। ਇਹ ਕਾਨਫਰੰਸ ਮਰਹੂਮ ਕਵੀ ਸੁਰਜੀਤ ਪਾਤਰ, ਮਹਿੰਦਰ ਸਿੰਘ ਘੱਗ ਅਤੇ ਰਬਿੰਦਰ ਸਿੰਘ ਅਟਵਾਲ ਨੂੰ ਸਮਰਪਿਤ ਕੀਤੀ ਗਈ ਸੀ।
ਮੰਚ ਸੰਚਾਲਕ ਗੁਰਜਤਿੰਦਰ ਸਿੰਘ ਰੰਧਾਵਾ ਨੇ ਸਭ ਤੋਂ ਪਹਿਲਾਂ ਸਭਾ ਦੇ ਪ੍ਰਧਾਨ ਦਲਵੀਰ ‘ਦਿਲ’ ਨਿੱਜਰ ਨੂੰ ਸਟੇਜ ‘ਤੇ ਆਉਣ ਦਾ ਸੱਦਾ ਦਿੱਤਾ। ਸ. ਨਿੱਜਰ ਨੇ ਸਮੂਹ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ। ਇਸ ਉਪਰੰਤ ਜੋਤੀ ਸਿੰਘ, ਰਮਨ ਅਤੇ ਜਸਵੰਤ ਸੈਦੋਕੇ ਵੱਲੋਂ ਸ਼ਬਦ ਗਾਇਨ ਕੀਤਾ ਗਿਆ।
ਪਹਿਲੇ ਸੈਸ਼ਨ ਵਿਚ ਕਵੀ ਸੰਮੇਲਨ ਆਯੋਜਿਤ ਕੀਤਾ ਗਿਆ, ਜਿਸ ਦਾ ਮੰਚ ਸੰਚਾਲਨ ਮਨਜੀਤ ਕੌਰ ਸੇਖੋਂ ਨੇ ਕੀਤਾ। ਇਸ ਮੌਕੇ ਪ੍ਰਧਾਨਗੀ ਮੰਡਲ ਵਿਚ ਹਰਬੰਸ ਸਿੰਘ ਜਗਿਆਸੂ, ਹਰਦਿਆਲ ਸਿੰਘ ਚੀਮਾ, ਤਾਰਾ ਸਿੰਘ ਕੋਮਲ, ਹਰਭਜਨ ਸਿੰਘ ਢੇਰੀ ਅਤੇ ਸੇਵਾ ਸਿੰਘ ਨੂਰਪੁਰੀ ਸੁਸ਼ੋਭਿਤ ਸਨ। ਇਸ ਕਵੀ ਸੰਮੇਲਨ ‘ਚ ਹੋਰਨਾਂ ਤੋਂ ਇਲਾਵਾ ਚਰਨਜੀਤ ਸਿੰਘ ਪੰਨੂੰ, ਜਗਜੀਤ ਨੌਸ਼ਹਿਰਵੀ, ਸੇਵਾ ਸਿੰਘ ਨੂਰਪੁਰੀ, ਜੀਵਨ ਰੱਤੂ, ਰਾਠੇਸ਼ਵਰ ਸਿੰਘ ਸੂਰਾਪੁਰੀ, ਦਿਲ ਨਿੱਜਰ, ਲਖਬੀਰ ਸਿੰਘ ਘੱਗ, ਹਰਪ੍ਰੀਤ ਕੌਰ ਧੂਤ, ਅਮਰਪਾਲ ਸਿੰਘ ਕੰਬੋਜ, ਡਾ. ਗੁਰਪਾਲ ਸਿੰਘ ਖਹਿਰਾ, ਰਮਨਜੀਤ, ਜੋਤੀ ਸਿੰਘ, ਗੁਰਜਤਿੰਦਰ ਸਿੰਘ ਰੰਧਾਵਾ, ਹਰਭਜਨ ਸਿੰਘ ਢੇਰੀ, ਹਰਬੰਸ ਸਿੰਘ ਜਗਿਆਸੂ ਨੇ ਆਪੋ-ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।
ਮਹਿੰਦਰ ਸਿੰਘ ਘੱਗ ਦੇ ਸਪੁੱਤਰ ਮੇਅਰ ਲਖਬੀਰ ਸਿੰਘ ਘੱਗ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਪਾਕਿਸਤਾਨੀ ਲੇਖਕ ਮਕਸੂਦ ਅਲੀ ਅਤੇ ਇਮਤਿਆਜ਼ ਅਲੀ ਨੇ ਸਭਾ ਦੇ ਪ੍ਰਧਾਨ ਦਿਲ ਨਿੱਜਰ ਨੂੰ ਪਾਕਿਸਤਾਨੀ ਪੱਗ ‘ਕੁੱਲ੍ਹਾ’ ਸਿਰ ‘ਤੇ ਸਜਾ ਕੇ ਸਨਮਾਨਿਤ ਕੀਤਾ।
ਪੰਜਾਬੀ ਸਾਹਿਤ ਸਭਾ ਵੱਲੋਂ ਸ਼ਾਨਦਾਰ ਸੋਵੀਨਰ ਪ੍ਰਕਾਸ਼ਿਤ ਕੀਤਾ ਗਿਆ ਸੀ, ਜਿਸ ਵਿਚ ਵੱਖ-ਵੱਖ ਪੰਜਾਬੀ ਸਾਹਿਤ ਨਾਲ ਸੰਬੰਧਤ ਲੇਖ ਅਤੇ ਹੋਰ ਰਚਨਾਵਾਂ ਨੂੰ ਲੜੀਬੱਧ ਕੀਤਾ ਗਿਆ ਸੀ।
ਇਸ ਸੋਵੀਨਰ ਨੂੰ ਸਭਾ ਦੇ ਮੈਂਬਰਾਂ ਵੱਲੋਂ ਰਿਲੀਜ਼ ਕੀਤਾ ਗਿਆ, ਜਿਨ੍ਹਾਂ ਵਿਚ ਦਿਲ ਨਿੱਜਰ, ਗੁਰਜਤਿੰਦਰ ਸਿੰਘ ਰੰਧਾਵਾ, ਹਰਬੰਸ ਸਿੰਘ ਜਗਿਆਸੂ, ਰਾਠੇਸ਼ਵਰ ਸਿੰਘ ਸੂਰਾਪੁਰੀ, ਮਨਜੀਤ ਕੌਰ ਸੇਖੋਂ, ਮੇਜਰ ਭੁਪਿੰਦਰ ਦਲੇਰ, ਅਜੈਬ ਚੀਮਾ, ਡਾ. ਪਰਗਟ ਸਿੰਘ ਹੁੰਦਲ, ਹਰਭਜਨ ਸਿੰਘ ਢੇਰੀ, ਜੋਤੀ ਸਿੰਘ, ਜੀਵਨ ਰੱਤੂ, ਫਕੀਰ ਸਿੰਘ ਮੱਲ੍ਹੀ, ਗੁਰਦੀਪ ਕੌਰ, ਭਾਗ ਸਿੰਘ ਸਿੱਧੂ ਅਤੇ ਹਰਜਿੰਦਰ ਮੱਟੂ ਸ਼ਾਮਲ ਸਨ।
ਇਸ ਸਮੇਂ ਕੁੱਝ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿਚ ਫਿਲਮ ਨਿਰਮਾਤਾ ਤੇ ਨਿਰਦੇਸ਼ਕ ਕਵੀ ਰਾਜ, ਡਾ. ਦਲਬੀਰ ਸਿੰਘ ਕਥੂਰੀਆ (ਟੋਰਾਂਟੋ), ਡਾ. ਪਰਗਟ ਸਿੰਘ ਬੱਗਾ (ਟੋਰਾਂਟੋ), ਪ੍ਰਿਤਪਾਲ ਸਿੰਘ ਚੱਗੜ (ਟੋਰਾਂਟੋ), ਅਮਰ ਸਿੰਘ ਸੂਫੀ (ਪੰਜਾਬ), ਪ੍ਰੀਤਮ ਸਿੰਘ ਭਰੋਵਾਲ (ਪੰਜਾਬ), ਹਰਦਿਆਲ ਸਿੰਘ ਚੀਮਾ (ਸਿਆਟਲ), ਡਾ. ਤਾਰਾ ਸਿੰਘ ਕਮਲ (ਪੰਜਾਬ, ਇੰਡੀਆ), ਸੁਖਦੇਵ ਸਿੰਘ ਢਿੱਲੋਂ (ਸਰੀ), ਇੰਦਰਬੀਰ ਸਿੰਘ ਲਾਲੀ ਸੰਧੂ (ਸਿਆਟਲ), ਅਸੈਂਬਲੀ ਮੈਂਬਰ ਜਸਮੀਤ ਕੌਰ ਬੈਂਸ, ਮੇਅਰ ਬੌਬੀ ਸਿੰਘ ਐਲਨ, ਮੇਅਰ ਪਰਗਟ ਸਿੰਘ ਸੰਧੂ, ਦਵਿੰਦਰ ਸਿੰਘ ਬੈਂਸ, ਨਰਿੰਦਰਪਾਲ ਸਿੰਘ ਹੁੰਦਲ, ਵਰਿੰਦਰ ਸਿੰਘ ਸੇਖੋਂ ਅਤੇ ਹਰਮਿੰਦਰ ਸਿੰਘ ਕਾਹਲੋਂ ਸ਼ਾਮਲ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਡਸਵੈਲੀ ਚੈਂਬਰ ਆਫ ਕਾਮਰਸ ਦੇ ਸੁਖਚੈਨ ਸਿੰਘ, ਦਲਜੀਤ ਸਿੰਘ ਸੰਧੂ, ਜਗਰੂਪ ਸਿੰਘ ਮਾਂਗਟ, ਮੁਖਤਾਰ ਸਿੰਘ ਗਿੱਲ, ਮਾਈਕ ਬੋਪਾਰਾਏ ਵੀ ਹਾਜ਼ਰ ਸਨ।
ਦੁਪਹਿਰ ਦੇ ਖਾਣੇ ਤੋਂ ਬਾਅਦ ਕਾਨਫਰੰਸ ਦਾ ਦੂਜਾ ਸੈਸ਼ਨ ਸ਼ੁਰੂ ਹੋਇਆ, ਜਿਸ ਵਿਚ ਪੰਜਾਬੀ ਮਾਂ ਬੋਲੀ ‘ਤੇ ਵਿਚਾਰ-ਵਟਾਂਦਰੇ ਕੀਤੇ ਗਏ। ਪ੍ਰਧਾਨਗੀ ਮੰਡਲ ਵਿਚ ਦਲਵੀਰ ‘ਦਿਲ’ ਨਿੱਜਰ, ਡਾ. ਦਲਬੀਰ ਸਿੰਘ ਕਥੂਰੀਆ, ਡਾ. ਪਰਗਟ ਸਿੰਘ ਬੱਗਾ, ਹਰਜਿੰਦਰ ਪੰਧੇਰ, ਸੁਖਵਿੰਦਰ ਕੰਬੋਜ ਸੁਸ਼ੋਭਿਤ ਸਨ। ਇਸ ਦੌਰਾਨ ਕੁੱਝ ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ। ਸਭਾ ਦੇ ਪ੍ਰਧਾਨ ਦਲਵੀਰ ‘ਦਿਲ’ ਨਿੱਜਰ ਦੀ ਕਿਤਾਬ ‘ਰੂਹਾਂ ਦਾ ਸੰਗਰਾਮ’ ਉਨ੍ਹਾਂ ਦੀ ਸਤਿਕਾਰਯੋਗ ਮਾਤਾ ਜੀ ਵੱਲੋਂ ਰਿਲੀਜ਼ ਕੀਤੀ ਗਈ। ਜੀਵਨ ਰੱਤੂ ਨੇ ਦਿਲ ਨਿੱਜਰ ਦੀ ਇਸ ਨਵੀਂ ਕਿਤਾਬ ਵਿਚੋਂ ਇਕ ਗੀਤ ਵੀ ਗਾ ਕੇ ਸੁਣਾਇਆ।
ਇਸ ਦੇ ਨਾਲ ਹੀ ਹਰਨੇਕ ਸਿੰਘ ਸਟਾਕਟਨ ਦੀ ਕਿਤਾਬ ‘ਇਕੋ ਰੈਂਕ’ ਜਿਹੜੀ ਕਿ ‘ਮਿੰਨੀ ਕਹਾਣੀਆਂ’ ਦਾ ਸੰਗ੍ਰਹਿ ਸੀ, ਵੀ ਰਿਲੀਜ਼ ਕੀਤੀ ਗਈ। ਹਰਪ੍ਰੀਤ ਕੌਰ ਧੂਤ ਦੀ ਕਹਾਣੀਆਂ ਦੀ ਕਿਤਾਬ ‘ਸੂਰਜ ਹਾਰ ਗਿਆ’ ਵੀ ਰਿਲੀਜ਼ ਕੀਤੀ ਗਈ। ਇਸ ਤੋਂ ਇਲਾਵਾ ਡਾ. ਦਲਬੀਰ ਕਥੂਰੀਆ ਅਤੇ ਸੁਖਿੰਦਰ ਵੱਲੋਂ ਸੰਪਾਦਿਤ ਕੀਤੀ ਗਈ ਕਿਤਾਬ ‘ਪੰਜਾਬੀ ਸਾਹਿਤ ਅਤੇ ਸੱਭਿਆਚਾਰ’ ਵੀ ਰਿਲੀਜ਼ ਕੀਤੀ ਗਈ।
ਤੀਜੇ ਸੈਸ਼ਨ ਵਿਚ ਇਕ ਵਾਰ ਫਿਰ ਕਵੀ ਸੰਮੇਲਨ ਕਰਵਾਇਆ ਗਿਆ। ਮੇਜਰ ਭੁਪਿੰਦਰ ਦਲੇਰ ਨੇ ਇਸ ਦੀ ਕਮਾਂਡ ਸੰਭਾਲੀ। ਪ੍ਰਧਾਨਗੀ ਮੰਡਲ ਵਿਚ ਅਮਰ ਸਿੰਘ ਸੂਫੀ, ਪ੍ਰੀਤਮ ਸਿੰਘ ਭਰੋਵਾਲ, ਹਰਜਿੰਦਰ ਕੰਗ, ਪ੍ਰਿਤਪਾਲ ਸਿੰਘ ਚੱਗੜ, ਸਾਧੂ ਸਿੰਘ ਸੰਘਾ ਵੀ ਸ਼ਾਮਲ ਹੋਏ।
ਇਸ ਦੌਰਾਨ ਕਵੀ ਸੰਮੇਲਨ ਦਾ ਆਗਾਜ਼ ਗੁਰਜਤਿੰਦਰ ਸਿੰਘ ਰੰਧਾਵਾ ਨੇ ਮਰਹੂਮ ਸੁਰਜੀਤ ਪਾਤਰ ‘ਤੇ ਲਿਖੀ ਕਵਿਤਾ ਸੁਣਾ ਕੇ ਕੀਤਾ। ਇਸ ਉਪਰੰਤ ਸਾਧੂ ਸਿੰਘ ਸੰਘਾ, ਰਣਜੀਤ ਗਿੱਲ, ਇਨਾਇਤ ਅਲੀ, ਸੁਰਿੰਦਰ ਸ਼ੀਮਾਰ, ਹਰਜਿੰਦਰ ਮੱਟੂ, ਮੱਖਣ ਲੁਹਾਰ, ਅਮਰਜੀਤ ਕੌਰ ਪਨੂੰ, ਮਨਦੀਪ ਗੋਰਾ, ਪ੍ਰੀਤਮ ਸਿੰਘ ਭਰੋਵਾਲ, ਜਗਜੀਤ ਨੌਸ਼ਹਿਰਵੀ, ਦਿਲ ਨਿੱਜਰ, ਲਖਵਿੰਦਰ ਲੱਖੀ, ਇਕਵਿੰਦਰ ਢੱਟ, ਮਾਈਕਲ ਬਾਠਲਾ, ਹਰਜਿੰਦਰ ਕੰਗ, ਅਮਰ ਸੂਫੀ, ਪ੍ਰਿਤਪਾਲ ਚੱਗੜ, ਮਨਰੀਤ ਗਰੇਵਾਲ, ਬਲਦੇਵ ਬਾਵਾ, ਰੁਪਿੰਦਰ ਸੰਧੂ, ਜਸਪਾਲ ਨਾਗਰਾ, ਫੱਗਣ ਸਿੰਘ, ਜਵਾਹਰ ਧਵਨ ਅਤੇ ਜੀਵਨ ਰੱਤੂ ਵੀ ਸ਼ਾਮਲ ਹੋਏ।
ਚੌਥੇ ਸੈਸ਼ਨ ਵਿਚ ਗੀਤ-ਸੰਗੀਤ ਹੋਇਆ, ਜਿਸ ਵਿਚ ਵੱਖ-ਵੱਖ ਗਾਇਕਾਂ ਨੇ ਆਪਣੀ ਹਾਜ਼ਰੀ ਲੁਆਈ। ਕੁੱਲ ਮਿਲਾ ਕੇ ਪੰਜਾਬੀ ਸਾਹਿਤ ਸਭਾ, ਕੈਲੀਫੋਰਨੀਆ ਦੀ ਇਹ 20ਵੀਂ ਸਾਲਾਨਾ ਕਾਨਫਰੰਸ ਕਾਮਯਾਬ ਹੋ ਨਿਬੜੀ।