ਸਰੀ, 4 ਜੁਲਾਈ (ਹਰਦਮ ਮਾਨ/ਪੰਜਾਬ ਮੇਲ)- ਪੰਜਾਬੀ ਸਾਹਿਤਕ ਅਤੇ ਸਭਿਆਚਾਰਕ ਵਿਚਾਰ ਮੰਚ ਸਰੀ ਬੀਸੀ (ਕੈਨੇਡਾ) ਵੱਲੋਂ ਭਾਰਤ ਦੇ ਇਤਿਹਾਸਕ ਕਿਸਾਨ ਅੰਦੋਲਨ ‘ਤੇ ਆਧਾਰਤ ਟੌਮਸਨ ਰਿਵਰਜ਼ ਯੂਨੀਵਰਸਿਟੀ ਕੈਮਲੂਪਸ ਦੇ ਪ੍ਰੋਫ਼ੈਸਰ ਅਮੈਰੀਟਸ ਡਾ. ਸੁਰਿੰਦਰ ਧੰਜਲ ਦੀਆਂ ਕਵਿਤਾਵਾਂ ਦੀ ਨਵ-ਪ੍ਰਕਾਸ਼ਿਤ ਕਿਤਾਬ ‘ਦੀਵੇ ਜਗਦੇ ਰਹਿਣਗੇ’ ਨੂੰ ਰਿਲੀਜ਼ ਕਰਨ ਹਿਤ ਅਤੇ ਅਮਰਜੀਤ ਚਾਹਲ ਦੇ ਨਾਵਲ ‘ਓਟ’ ਅਤੇ ਡਾ. ਧੰਜਲ ਦੁਆਰਾ ਪਾਸ਼ ਦੀਆਂ ਕਿਰਤੀ-ਕਿਸਾਨਾਂ ਬਾਰੇ ਚੋਣਵੀਆਂ ਨਜ਼ਮਾਂ ਦੀ ਸੰਪਾਦਿਤ ਪੁਸਤਕ ‘ਖੇਤਾਂ ਦਾ ਪੁੱਤ: ਪਾਸ਼’ ਉਪਰ ਵਿਚਾਰ ਚਰਚਾ ਕਰਨ ਲਈ ਸਰੀ ਦੇ ਪ੍ਰੋਗਰੈਸਿਵ ਕਲਚਰਲ ਸੈਂਟਰ ਵਿਖੇ ਪਹਿਲੀ ਜੁਲਾਈ ਨੂੰ ਇਕ ਸਮਾਗਮ ਕਰਵਾਇਆ ਗਿਆ।
ਪੁਸਤਕ ‘ਦੀਵੇ ਜਗਦੇ ਰਹਿਣਗੇ’ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਈਸਟ ਇੰਡੀਆ ਡੀਫੈਂਸ ਕਮੇਟੀ ਦੇ ਆਗੂ ਪ੍ਰੋਫੈਸਰ ਕਿਰਪਾਲ ਬੈਂਸ ਨੇ ਕਿਹਾ ਕਿ ਇਹ ਪੁਸਤਕ ਪੰਜਾਬ ਦੇ ਜੁਝਾਰੂ ਸਾਹਿਤ ਦਾ ਹਾਸਲ ਹੈ। ਇਸ ਵਿਚਲੀਆਂ ਸਾਰੀਆਂ ਕਵਿਤਾਵਾਂ ਦਾ ਕੇਂਦਰ ਬਿੰਦੂ ਭਾਰਤ ਦਾ 2020-21 ਵਿੱਚ ਕਿਰਤੀਆਂ-ਕਿਸਾਨਾਂ ਵੱਲੋਂ ਲੜਿਆ ਇਤਿਹਾਸਕ ਕਿਸਾਨ ਅੰਦੋਲਨ ਹੈ। ‘ਲਿਖ, ਬੋਲ, ਤੇ ਗਾ ਕਿ ਤੇਰੇ ਕੋਲ ਤੇਰੀ ਜੀਭ ਹੈ …’ ਸਤਰ ਦਾ ਹਵਾਲਾ ਦਿੰਦਿਆਂ ਕਿਰਪਾਲ ਬੈਂਸ ਨੇ ਕਿਹਾ ਕਿ ਇਨ੍ਹਾਂ ਲਾਈਨਾਂ ਨੇ ਉਸ ਨੂੰ ਫ਼ੈਜ਼ ਅਤੇ ਸੁਰਜੀਤ ਪਾਤਰ ਦੀਆਂ ਵਿਸ਼ਵ ਪ੍ਰਸਿੱਧ ਰਚਨਾਵਾਂ ਨੂੰ ਚੇਤੇ ਕਰਵਾ ਦਿੱਤਾ। ਇਸ ਉੱਚ ਪਾਏ ਦੀ ਰਚਨਾ ਨਾਲ ਡਾ. ਧੰਜਲ ਪੰਜਾਬ ਦੇ ਜੁਝਾਰੂ ਕਵੀਆਂ ਪਾਸ਼, ਉਦਾਸੀ ਅਤੇ ਦਿਲ ਦੀ ਕਤਾਰ ਵਿੱਚ ਖੜ੍ਹਾ ਹੁੰਦਾ ਹੈ।
ਜਗਦੇਵ ਸਿੰਘ ਸਿੱਧੂ (ਕੈਲਗਰੀ) ਵੱਲੋਂ ‘ਦੀਵੇ ਜਗਦੇ ਰਹਿਣਗੇ’ ਪੁਸਤਕ ਬਾਰੇ ਲਿਖੇ ਪਰਚੇ ਦਾ ਸਾਰ-ਅੰਸ਼ ਮੰਚ ਸੰਚਾਲਕ ਭੁਪਿੰਦਰ ਧਾਲੀਵਾਲ ਨੇ ਪੇਸ਼ ਕੀਤਾ। ਜਗਦੇਵ ਸਿੰਘ ਸਿੱਧੂ ਨੇ ਇਸ ਪੁਸਤਕ ਨੂੰ ਵਿਸ਼ਵ ਪ੍ਰਸਿੱਧੀ ਵਾਲੇ ਭਾਰਤੀ ਕਿਸਾਨ ਅੰਦੋਲਨ ਦਾ ਮਹੱਤਵਪੂਰਨ ਦਸਤਾਵੇਜ਼ ਕਰਾਰ ਦਿੰਦਿਆਂ ਲਿਖਿਆ ਕਿ ਇਹ ਕਾਵਿਕ ਗੁਣਾਂ ਪੱਖੋਂ ਪੰਜਾਬੀ ਸਾਹਿਤ ਜਗਤ ਵਿੱਚ ਵੀ ਵਿਸ਼ੇਸ਼ ਸਥਾਨ ਅਖਤਿਆਰ ਕਰਨਯੋਗ ਰਚਨਾ ਹੈ। ਜਗਦੇਵ ਸਿੱਧੂ ਦੇ ਪਰਚੇ ਅਨੁਸਾਰ ਜਿਵੇਂ ਇਹ ਅੰਦੋਲਨ ਆਉਂਦੇ ਸਮਿਆਂ ਅੰਦਰ ਦੁਨੀਆਂ ਵਿਚ ਹੋਣ ਵਾਲੇ ਕਿਰਤੀ-ਕਿਸਾਨ ਸੰਘਰਸ਼ਾਂ ਲਈ ਪ੍ਰੇਰਨਾ ਸ੍ਰੋਤ ਬਣਿਆ ਰਹੇਗਾ, ਉਵੇਂ ਇਹ ਪੁਸਤਕ ਇੱਕ ਸ਼ਿਲਾਲੇਖ ਦੇ ਰੂਪ ਵਿੱਚ ਜਿੱਤ ਦੀ ਜ਼ਾਮਨੀ ਭਰਦੀ ਰਹੇਗੀ।
ਮੋਹਨ ਗਿੱਲ ਨੇ ਕਿਸਾਨ ਅੰਦੋਲਨ ਦੌਰਾਨ ਡਾ. ਧੰਜਲ ਦੁਆਰਾ ਸੰਪਾਦਿਤ ਕਿਤਾਬ ‘ਖੇਤਾਂ ਦਾ ਪੁੱਤ:ਪਾਸ਼’ ਬਾਰੇ ਪਰਚਾ ਪੜ੍ਹਿਆ ਅਤੇ ਇਸ ਪੁਸਤਕ ਨੂੰ ਗਰਮ ਲੋਹੇ ‘ਤੇ ਹਥੌੜੇ ਦੀ ਤਸ਼ਬੀਹ ਦਿੰਦਿਆਂ ਇਸ ਨੂੰ ਸੰਪਾਦਨ ਕਲਾ ਦੀ ਸਿਖਰ ਕਿਹਾ। ਉਨਾਂ ਕਿਹਾ ਕਿ ਪਾਸ਼ ਦੀਆਂ ਰਚਨਾਵਾਂ ‘ਤੇ ਆਧਾਰਤ ਇਸ ਕਿਤਾਬ ਨੇ ਇੱਕ ਵਾਰ ਮੁੜ ਸਾਬਤ ਕੀਤਾ ਹੈ ਕਿ ਪਾਸ਼ ਦੀ ਕਵਿਤਾ ਧਰਤੀ ਦੀ ਕਵਿਤਾ ਹੈ ਨਾ ਕਿ ਅੰਬਰ ਦੀ।
ਅਮਰਜੀਤ ਚਾਹਲ ਦੇ ਬਹੁ-ਚਰਚਿਤ ਨਾਵਲ ‘ਓਟ’ ਬਾਰੇ ਬਹੁਪੱਖੀ ਲੇਖਿਕਾ ਸੁਰਜੀਤ ਕਲਸੀ ਨੇ ਆਪਣਾ ਪਰਚਾ ਪੜ੍ਹਿਆ। ਸੁਰਜੀਤ ਕਲਸੀ ਨੇ ਨਾਵਲ ਦੇ ਹਰ ਪੱਖ ਬਾਰੇ ਵਿਸਥਾਰ-ਪੂਰਬਕ ਚਰਚਾ ਕੀਤੀ। ਉਨਾਂ ਨੇ ਇਸ ਰਚਨਾ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਵਿਚ ਛਪੇ ਹੁਣ ਤੱਕ ਦੇ ਗਲਪ ਦਾ ਸਿਖਰ ਕਰਾਰ ਦਿੱਤਾ।
ਡਾ. ਧੰਜਲ ਅਨੁਸਾਰ ਅਮਰਜੀਤ ਚਾਹਲ ਬਹੁਤ ਘੱਟ ਪਰ ਬਹੁਤ ਠੋਸ ਲਿਖਣ ਵਾਲਾ ਲੇਖਕ ਹੈ। ਉਨਾਂ ਕਿਹਾ ਕਿ ਅਮਰਜੀਤ ਚਾਹਲ ਨੇ ਨਾਵਲ ‘ਓਟ’ ਵਿੱਚ ਜਿਸ ਡੂੰਘਾਈ, ਪਰਪੱਕਤਾ ਅਤੇ ਕਲਾ ਕੌਸ਼ਲਤਾ ਨਾਲ ਕੈਨੇਡਾ, ਅਮਰੀਕਾ ਅਤੇ ਭਾਰਤ ਦੇ ਸਮਕਾਲ ਦੇ ਦਰਸ਼ਨ ਕਰਵਾਏ ਹਨ, ਉਹ ਪੰਜਾਬੀ ਦੇ ਬਹੁਤ ਸਾਰੇ ਕਲਮਕਾਰਾਂ ਲਈ ਅਪਹੁੰਚ ਹੈ। ਇੰਜ. ਸਤਵੰਤ ਦੀਪਕ ਨੇ ‘ਪਹਿਲਾ ਪਾਣੀ ਜੀਓ ਹੈ…’ ਪਰਚੇ ਵਿੱਚ ਵਿਸ਼ਵ ਵਿੱਚ ਪੈਦਾ ਹੋ ਰਹੇ ਜਲ ਸੰਕਟ ਦੇ ਖਤਰਿਆਂ ਅਤੇ ਇਸ ਦੀ ਆੜ ਵਿੱਚ ਸਾਮਰਾਜੀ ਮੁਲਕਾਂ ਵੱਲੋਂ ਚੱਲੀਆਂ ਜਾ ਰਹੀਆਂ ਕੋਝੀਆਂ ਚਾਲਾਂ ਦਾ ਪਰਦਾਫਾਸ਼ ਕੀਤਾ।
ਨਵਤੇਜ ਭਾਰਤੀ, ਅਜਮੇਰ ਰੋਡੇ, ਮਹਿੰਦਰ ਪਾਲ ਧਾਲੀਵਾਲ (ਇੰਗਲੈਂਡ), ਕ੍ਰਿਸ਼ਨ ਭਨੋਟ, ਅਮਰੀਕ ਪਲਾਹੀ, ਮੋਹਨ ਗਿੱਲ, ਅੰਮ੍ਰਿਤ ਦੀਵਾਨਾ ਅਤੇ ਇੰਦਰੇਸ਼ ਨੇ ਆਪਣੀਆਂ ਤਾਜ਼ੀਆਂ ਨਜ਼ਮਾਂ ਨਾਲ ਸਮਾਗਮ ਵਿਚ ਹਾਜ਼ਰੀ ਲੁਆਈ। ਸਮੇਟਵੇਂ ਅਤੇ ਧੰਨਵਾਦੀ ਸ਼ਬਦ ਬੋਲਣ ਤੋਂ ਪਹਿਲਾਂ ਡਾ. ਸੁਰਿੰਦਰ ਧੰਜਲ ਨੇ ਟਾਈਟਲ ਨਜ਼ਮ ‘ਦੀਵੇ ਜਗਦੇ ਰਹਿਣਗੇ’ ਪ੍ਰਭਾਵਸ਼ਾਲੀ ਢੰਗ ਨਾਲ ਸੁਣਾਈ। ਸਮੁੱਚੇ ਸਮਾਗਮ ਦੌਰਾਨ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਕੈਨੇਡੀਅਨ ਰੰਗ ਮੰਚ ਦੀ ਉੱਘੀ ਸ਼ਖ਼ਸੀਅਤ ਭੁਪਿੰਦਰ ਧਾਲੀਵਾਲ ਨੇ ਬਾਖ਼ੂਬੀ ਨਿਭਾਈ।