ਯੂਬਾ ਸਿਟੀ, 2 ਸਤੰਬਰ (ਪੰਜਾਬ ਮੇਲ)- ਕੈਲੀਫੋਰਨੀਆ ਦੇ ਪੰਜਾਬੀ ਬਹੁ-ਗਿਣਤੀ ਵਾਲੇ ਸ਼ਹਿਰ ਯੂਬਾ ਸਿਟੀ ਵਿਖੇ ਪ੍ਰਸਿੱਧ ਫਾਰਮਰ ਸਵਰਗੀ ਦੀਦਾਰ ਸਿੰਘ ਬੈਂਸ ਦੀ ਯਾਦ ਵਿੱਚ ਬਣਾਏ ਗਏ ਪਾਰਕ ਦਾ ਉਦਘਾਟਨ ਧੂਮ-ਧਾਮ ਨਾਲ ਕੀਤਾ ਗਿਆ । ਇਸ ਮੌਕੇ ਸੱਟਰ ਕਾਉਂਟੀ ਆਫ਼ਿਸ ਦੇ ਅਹੁਦੇਦਾਰਾਂ, ਪੰਜਾਬੀ ਭਾਈਚਾਰੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਤੋਂ ਇਲਾਵਾ ਦੀਦਾਰ ਸਿੰਘ ਬੈਂਸ ਦੇ ਪਰਿਵਾਰਕ ਮੈਂਬਰਾਂ ਦਾ ਭਰਪੂਰ ਇੱਕਠ ਹੋਇਆ ।
ਤਿੰਨ ਮਿਲੀਅਨ ਡਾਲਰਾਂ ਦੀ ਲਾਗਤ ਨਾਲ ਬਣਾਇਆ ਗਿਆ ਇਹ ਪਾਰਕ ਕਰੀਬ ਪੰਜ ਏਕੜ ਵਿੱਚ ਫੈਲਿਆ ਹੋਇਆ ਹੈ। ਯਾਦ ਰਹੇ ਇਸ ਪਾਰਕ ਲਈ ਜਗਾਹ ਦੀਦਾਰ ਸਿੰਘ ਬੈਂਸ ਪਰਿਵਾਰ ਵੱਲੋਂ ਹੀ ਦਾਨ ਕੀਤੀ ਗਈ ਹੈ। ਇਸ ਪਾਰਕ ਵਿੱਚ ਦੋ ਪੈਵੇਲੀਅਨ, ਇੱਕ ਬਾਈਕ ਪਾਰਕ, ਇੱਕ ਫੁੱਲ ਬਾਸਕਟ ਵਾਲ ਕੋਰਟ, ਇੱਕ ਓਪਨ-ਏਅਰ ਕਸਰਤ-ਸ਼ਾਲਾ ਅਤੇ ਗ਼ੁਸਲਖ਼ਾਨਿਆਂ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ। ਇੱਥੇ ਬਣਾਇਆ ਗਿਆ ਬਾਈਸਿਕਲ ਥੀਮ ਕੈਲੀਫੋਰਨੀਆ ਦਾ ਦੂਜਾ ਸਭ ਤੋਂ ਵੱਡਾ ਥੀਮ ਮੰਨਿਆ ਗਿਆ ਹੈ।