ਟੋਰਾਂਟੋ, 9 ਅਗਸਤ (ਪੰਜਾਬ ਮੇਲ)- ਪੰਜਾਬੀ ਨਕਸ਼ ਅੰਤਰਰਾਸ਼ਟਰੀ ਡਿਜ਼ੀਟਲ ਮੈਗਜ਼ੀਨ, ਕੈਨੇਡਾ (ਰਜਿ.) ਵੱਲੋਂ ਮੈਗਜ਼ੀਨ ਦੀ ਪਹਿਲੀਵਾਰ ਵਰ੍ਹੇਗੰਢ ਮੌਕੇ ਪੰਜਾਬੀ ਭਵਨ ਲੁਧਿਆਣਾ ਵਿਖੇ ‘ਯੁਵਾ ਸਾਹਿਤ ਵਿਸ਼ੇਸ਼ ਅੰਕ ਦਾ ਲੋਕ ਅਰਪਣ ਅਤੇ ਯੁਵਾ ਸਾਹਿਤ ਪੁਰਸਕਾਰ’ ਸਮਾਗਮ ਕੀਤਾ ਗਿਆ। ਇਸ ਹੀ ਦਿਨ ਇਸ ਮੈਗਜ਼ੀਨ ਦਾ ‘ਯੁਵਾ ਸਾਹਿਤ ਵਿਸ਼ੇਸ਼ ਅੰਕ’ ਵੁਲਵਰਹੈਪਟਨ (ਯੂ.ਕੇ.) ਅਤੇ ਟੋਰਾਂਟੋ (ਕੈਨੇਡਾ) ਵਿਚ ਵੀ ਰਿਲੀਜ਼ ਕੀਤਾ ਗਿਆ।
ਲੁਧਿਆਣਾ ‘ਚ ਹੋਏ ਸਮਾਗਮ ਵਿਚ ਉੱਘੇ ਸ਼ਾਇਰ ਡਾ. ਸੁਰਜੀਤ ਪਾਤਰ ਅਤੇ ਡਾ. ਲਖਵਿੰਦਰ ਜੌਹਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸ਼ਾਇਰ ਤ੍ਰੈਲੋਚਨ ਲੋਚੀ, ਸ਼ਾਇਰ ਜਸਵੰਤ ਜ਼ਫ਼ਰ, ਕੁਲਦੀਪ ਬੇਦੀ, ਡਾ. ਗੁਰਇਕਬਾਲ ਸਿੰਘ ਜੀ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ।
ਸਮਾਗਮ ਦੀ ਸ਼ੁਰੂਆਤ ‘ਚ ਸੰਪਾਦਕ ਸੋਨੀਆ ਮਨਜਿੰਦਰ ਕੈਨੇਡਾ ਹੋਰਾਂ ਦੇ ਸੁਆਗਤੀ ਨੋਟ ਨੂੰ ਸ਼ਾਇਰਾ ਰੂਹੀ ਸਿੰਘ ਨੇ ਪੜ੍ਹਿਆ, ਜਿਸ ਵਿਚ ਉਨ੍ਹਾਂ ਸਭ ਲੇਖਕਾਂ ਅਤੇ ਸਰੋਤਿਆਂ ਦਾ ਸੁਆਗਤ ਕੀਤਾ। ਪੰਜਾਬੀ ਨਕਸ਼ ‘ਚ ਛਪੇ ਹੋਏ ਲੇਖਕਾਂ ਦੀਆਂ ਰਚਨਾਵਾਂ ਸੰਬੰਧੀ ਡਾ. ਹਰਪ੍ਰੀਤ ਸਿੰਘ ਦੁਆਰਾ ਲਿਖਿਆ ਪਰਚਾ ਸ਼ਾਇਰ ਗੁਰਜੰਟ ਰਾਜੇਆਣਾ ਨੇ ਪੜ੍ਹਿਆ। ਇਸ ਉਪਰੰਤ ਪੰਜਾਬੀ ਨਕਸ਼ ਮੈਗਜ਼ੀਨ ਦੇ ਯੁਵਾ ਸਾਹਿਤ ਵਿਸ਼ੇਸ਼ ਅੰਕ ਦਾ ਲੋਕ ਅਰਪਣ ਕੀਤਾ ਗਿਆ।
ਅਨੀ ਕਾਠਗੜ੍ਹ, ਤਲਵਿੰਦਰ ਸ਼ੇਰਗਿੱਲ, ਰਣਧੀਰ, ਹਰਮਨ, ਮਨਦੀਪ ਲੁਧਿਆਣਾ ਆਦਿ ਸ਼ਾਇਰਾਂ ਨੇ ਆਪਣਾ ਕਲਾਮ ਪੜ੍ਹਿਆ। ਉਪਰੰਤ ਡਾ. ਸੁਰਜੀਤ ਪਾਤਰ ਨੇ ਹਾਲ ‘ਚ ਹਾਜ਼ਰ ਲੇਖਕਾਂ ਅਤੇ ਸਰੋਤਿਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਸਮਕਾਲੀ ਪੰਜਾਬੀ ਨੌਜਵਾਨ ਸ਼ਾਇਰਾਂ ਦੀ ਭਰਪੂਰ ਹੌਸਲਾ ਅਫ਼ਜ਼ਾਈ ਕਰਦਿਆਂ ਕੀਤੀ ਅਤੇ ਕਵੀਆਂ ਲੇਖਕਾਂ ਦੇ ਬਿਲਕੁਲ ਨਵੇਂ ਪੂਰ ਤੋਂ ਉਨ੍ਹਾਂ ਬੇਹੱਦ ਤਸੱਲੀ ਪ੍ਰਗਟਾਈ। ਡਾ. ਲਖਵਿੰਦਰ ਜੌਹਲ ਨੇ ਕਿਹਾ ਕਿ ਮੌਜੂਦਾ ਸਮੇਂ ਨੌਜਵਾਨਾਂ ਨੂੰ ਜਿੰਨਾ ਸਨਮਾਨਿਆ ਜਾਵੇ, ਉਹ ਘੱਟ ਹੈ। ਇਸ ਸਮੇਂ ਨੌਜਵਾਨ ਸ਼ਾਇਰ ਰਾਜਬੀਰ ਮੱਤਾ ਨੂੰ ਉਨ੍ਹਾਂ ਦੀ ਕਾਵਿ ਪੁਸਤਕ ‘ਅੱਖਰਾਂ ਦੀ ਡਾਰ’ ਲਈ ਨਕਸ਼ ਯੁਵਾ ਸਾਹਿਤ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਪਰੰਤ ਮੈਨੇਜਿੰਗ ਐਡੀਟਰ ਮੇਜਰ ਨਾਗਰਾ ਦੇ ਸਤਿਕਾਰਯੋਗ ਮਾਤਾ ਜੀ ਸਰਦਾਰਨੀ ਸੁਰਜੀਤ ਕੌਰ ਜੀ ਅਤੇ ਜੀਜਾ ਜੀ ਸਰਦਾਰ ਕੁਲਤਾਰ ਸਿੰਘ ਪਹਿਲਵਾਨ ਵਲੋਂ ਮੁੱਖ ਮਹਿਮਾਨਾਂ ਡਾ. ਸੁਰਜੀਤ ਪਾਤਰ ਜੀ ਅਤੇ ਡਾ. ਲਖਵਿੰਦਰ ਜੌਹਲ ਜੀ ਦਾ ਸਨਮਾਨ ਕੀਤਾ।
ਕਵੀ ਦਰਬਾਰ ਦੌਰਾਨ ਸ਼ਾਇਰਾਂ ਸਤਨਾਮ ਸਾਦਿਕ, ਅਸ਼ੋਕ ਦਬੜੀਖ਼ਾਨਾ, ਸ਼ਿਰਾਜ਼ੀ, ਲਵਪ੍ਰੀਤ ਸਿੰਘ, ਗੁਰਪਾਲ ਬਿਲਾਵਾਲ, ਰਾਣੀ ਸ਼ਰਮਾ, ਗੁਰਵਿੰਦਰ ਨੇ ਆਪਣੀਆਂ ਕਵਿਤਾਵਾਂ/ਗ਼ਜ਼ਲਾਂ ਪੇਸ਼ ਕੀਤੀਆਂ।
ਸਟੇਜ ਦਾ ਸੰਚਾਲਨ ਸ਼ਾਇਰ ਗੁਰਜੰਟ ਰਾਜੇਆਣਾ ਅਤੇ ਸ਼ਾਇਰਾ ਰੂਹੀ ਸਿੰਘ ਨੇ ਬਾਖੂਬੀ ਨਾਲ ਨਿਭਾਇਆ। ਸਮਾਗਮ ਦੇ ਅੰਤ ‘ਤੇ ਇਸ ਅੰਕ ਦੇ ਲੇਖਕਾਂ ਨੂੰ ਸਨਮਾਨ ਚਿੰਨ੍ਹਾਂ ਨਾਲ਼ ਸਨਮਾਨਿਤ ਕੀਤਾ ਗਿਆ।
ਪ੍ਰੋਗਰਾਮ ਦੇ ਅੰਤ ਵਿਚ ਡਾ. ਕੁਲਜੀਤ ਸਿੰਘ ਜੰਜੂਆ ਕੈਨੇਡਾ (ਸਰਪ੍ਰਸਤ, ਪੰਜਾਬੀ ਨਕਸ਼ ਅੰਤਰਰਾਸ਼ਟਰੀ ਡਿਜ਼ੀਟਲ ਮੈਗਜ਼ੀਨ) ਵਲੋਂ ਹਾਜ਼ਿਰ ਲੇਖਕਾਂ ਅਤੇ ਸਰੋਤਿਆਂ ਦਾ ਧੰਨਵਾਦੀ ਨੋਟ ਸ਼ਾਇਰ ਗੁਰਜੰਟ ਰਾਜੇਆਣਾ ਨੇ ਪੜ੍ਹਿਆ। ਇਸ ਸਮੇਂ ਜਸਵੰਤ ਜ਼ਫ਼ਰ, ਤ੍ਰੈਲੋਚਨ ਲੋਚੀ ਹੋਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਮਾਗਮ ‘ਚ ਹੋਰਨਾਂ ਤੋਂ ਇਲਾਵਾ ਲੇਖਕ ਡਾ. ਨਿਰਮਲ ਜੌੜਾ, ਨੱਕਾਸ਼ ਚਿੱਤੇਵਾਣੀ, ਹਰਸਿਮਰਤ ਕੌਰ, ਸ਼ਾਇਰ ਬਲਵਿੰਦਰ ਮੋਹੀ, ਜਸਪ੍ਰੀਤ ਕੌਰ, ਸ਼ਾਇਰ ਪਰਮ ਪਰਵਿੰਦਰ, ਮਹਿੰਦਰ ਕੌਰ ਆਦਿ ਨੇ ਵੀ ਸ਼ਿਰਕਤ ਕੀਤੀ।
ਵੁਲਵਰਹੈਂਪਟਨ (ਯੂ.ਕੇ.) ‘ਚ ਇਸ ਮੈਗਜ਼ੀਨ ਦਾ ‘ਯੁਵਾ ਸਾਹਿਤ ਵਿਸ਼ੇਸ਼ ਅੰਕ’ ਯੂ.ਕੇ. ਦੀ ਸਭ ਤੋਂ ਪੁਰਾਣੀ ਸਾਹਿਤ ਸਭਾ ਪ੍ਰੋਗਰੈਸਿਵ ਰਾਈਟਰਜ਼ ਐਸੋਸੀਏਸ਼ਨ, ਵੁਲਵਰਹੈਂਪਟਨ (ਯੂ.ਕੇ.) ਵੱਲੋਂ ਲੋਕ ਅਰਪਣ ਕੀਤਾ ਗਿਆ। ਪ੍ਰੋਗਰਾਮ ਵਿਚ ਸ਼੍ਰੀ ਸੁੱਖੀ ਬਾਠ (ਸੰਸਥਾਪਕ, ਪੰਜਾਬ ਭਵਨ, ਸਰੀ, ਕੈਨੇਡਾ) ਮੁੱਖ ਮਹਿਮਾਨ ਵਜੋਂ ਖਾਸ ਤੌਰ ‘ਤੇ ਸ਼ਾਮਲ ਹੋਏ। ਉਨ੍ਹਾਂ ਨਕਸ਼ ਬਾਰੇ ਬੋਲਦਿਆਂ ਕਿਹਾ ਕਿ ਪੰਜਾਬੀ ਨਕਸ਼ ਮੈਗਜ਼ੀਨ ਨੇ ਬਹੁਤ ਹੀ ਥੋੜੇ ਸਮੇਂ ‘ਚ ਆਪਣੀ ਨਿਵੇਕਲੀ ਪਹਿਚਾਣ ਬਣਾ ਲਈ ਹੈ ਅਤੇ ਇਸ ਸ਼ਾਨਦਾਰ ਪ੍ਰਾਪਤੀ ਦੇ ਲਈ ਪੰਜਾਬੀ ਨਕਸ਼ ਦੀ ਸਮੁੱਚੀ ਟੀਮ ਵਧਾਈ ਦੀ ਹੱਕਦਾਰ ਹੈ। ਪ੍ਰੋਗਰਾਮ ‘ਚ ਸਭਾ ਦੇ ਪ੍ਰਧਾਨ ਡਾਕਟਰ ਦਵਿੰਦਰ ਕੌਰ ਸਿਹਤ ਠੀਕ ਨਾ ਹੋਣ ਕਾਰਣ ਸ਼ਾਮਲ ਨਹੀਂ ਹੋ ਸਕੇ ਪਰ ਸਭਾ ਦੇ ਸਮੂਹ ਐਗਜ਼ੈਕਟਿਵਮੈਂਬਰਾਂ ਨੇ ਆਪਣੀ ਹਾਜ਼ਰੀ ਭਰੀ। ਪੰਜਾਬੀ ਨਕਸ਼ ਮੈਗਜ਼ੀਨ ਦੀ ਯੂ.ਕੇ. ਤੋਂ ਸਲਾਹਕਾਰ ਸ਼ਾਇਰਾ ਦਲਵੀਰ ਕੌਰ ਨੇ ਆਏ ਹੋਏ ਸਭ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਭਵਿੱਖ ਵਿਚ ਵੀ ਸਹਿਯੋਗ ਦੀ ਮੰਗ ਕੀਤੀ।
ਟੋਰਾਂਟੋ (ਕੈਨੇਡਾ) ‘ਚ ਇਹ ਮੈਗਜ਼ੀਨ 8ਵੀਂ ਵਿਸ਼ਵ ਪੰਜਾਬੀ ਕਾਨਫਰੰਸ ਦੇ ਪਹਿਲੇ ਦਿਨ ਦੇਸ਼-ਵਿਦੇਸ਼ ਤੋਂ ਪਹੁੰਚੇ ਨਾਮਵਰ ਸਾਹਿਤਕਾਰਾਂ ਦੀ ਹਾਜ਼ਰੀ ‘ਚ ਰਿਲੀਜ਼ ਕੀਤਾ ਗਿਆ। ਵਿਸ਼ਵ ਪੰਜਾਬੀ ਕਾਨਫਰੰਸ ਦੇ ਜਨਰਲ ਸਕੱਤਰ ਜਗੀਰ ਸਿੰਘ ਕਾਹਲੋਂ ਨੇ ਪੰਜਾਬੀ ਨਕਸ਼ ਅੰਤਰਰਾਸ਼ਟਰੀ ਡਿਜ਼ੀਟਲ ਮੈਗਜ਼ੀਨ ਬਾਰੇ ਬੋਲਦਿਆਂ ਮੈਗਜ਼ੀਨ ਦੇ ਸਮੂਹ ਪ੍ਰਬੰਧਕੀ ਅਤੇ ਸੰਪਾਦਕੀ ਮੰਡਲ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਮੈਗਜ਼ੀਨ ਜਿੱਥੇ ਸਥਾਪਿਤ ਸਾਹਿਤਕਾਰਾਂ ਦੀਆਂ ਲਿਖਤਾਂ ਨੂੰ ਛਾਪਦਾ ਹੈ, ਉੱਥੇ ਨਵੇਂ ਕਲਮਕਾਰਾਂ ਨੂੰ ਵੀ ਬਣਦਾ ਮਾਣ-ਸਤਿਕਾਰ ਦਿੰਦਾ ਹੈ। ਮੈਗਜ਼ੀਨ ਵੱਲੋਂ ਸ਼ੁਰੂ ਕੀਤੇ ਗਏ ‘ਯੁਵਾ ਸਾਹਿਤ ਪੁਰਸਕਾਰ’ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਹ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਅਤੇ ਨਕਸ਼ ਦੇ ਇਸ ਉੱਦਮ ਨਾਲ ਉੱਭਰਦੇ ਸਾਹਿਤਕਾਰਾਂ ‘ਚ ਮਾਂ ਬੋਲੀ ਪੰਜਾਬੀ ‘ਚ ਲਿਖਣ ਦਾ ਰੁਝਾਨ ਵਧੇਗਾ। ਮੈਗਜ਼ੀਨ ਦੇ ਮੈਨੇਜਿੰਗ ਐਡੀਟਰ ਮੇਜਰ ਨਾਗਰਾ ਨੇ ਮੈਗਜ਼ੀਨ ਦੀਆਂ ਇੱਕ ਸਾਲ ਦੀਆਂ ਪ੍ਰਾਪਤੀਆਂ ਅਤੇ ਦੇਸ਼-ਵਿਦੇਸ਼ ‘ਚ ਹੋਏ ਯਾਦਗਾਰੀ ਲੋਕ ਅਰਪਣ ਸਮਾਗਮਾਂ ਦੀ ਜਾਣਕਾਰੀ ਦਿੰਦਿਆਂ ਮੈਗਜ਼ੀਨ ਦੀ ਸਮੁੱਚੀ ਟੀਮ ਨੂੰ ਵਧਾਈਆਂ ਦਿੱਤੀਆਂ। ਇਸ ਰਿਲੀਜ਼ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਮੈਗਜ਼ੀਨ ਦੇ ਸ੍ਰਪਰਸਤ ਡਾ. ਕੁਲਜੀਤ ਸਿੰਘ ਜੰਜੂਆ, ਐਡੀਟਰ ਸੋਨੀਆ ਮਨਜਿੰਦਰ, ਮੈਨੇਜਿੰਗ ਐਡੀਟਰ ਮੇਜਰ ਨਾਗਰਾ ਅਤੇ ਸੰਪਾਦਕੀ ਮੰਡਲ ‘ਚੋਂ ਡਾ. ਅਰਵਿੰਦਰ ਕੌਰ ਅਤੇ ਹਰਜੀਤ ਬਾਜਵਾ ਹਾਜ਼ਰ ਸਨ।