#PUNJAB

ਪੰਜਾਬੀ ਗਾਇਕ ਗੁਰਦਾਸ ਮਾਨ ਖਿਲਾਫ ਪੁਰਾਣੇ ਕੇਸ ਨੂੰ ਲੈ ਕੇ ਹਾਈ ਕੋਰਟ ‘ਚ ਹੋਵੇਗੀ ਸੁਣਵਾਈ!

ਸੈਸ਼ਨ ਕੋਰਟ ਨਕੋਦਰ ਦੇ ਹੁਕਮਾਂ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਚੁਣੌਤੀ
ਚੰਡੀਗੜ੍ਹ, 22 ਮਈ (ਪੰਜਾਬ ਮੇਲ)- ਹਰਜਿੰਦਰ ਸਿੰਘ ਉਰਫ਼ ਜਿੰਦਾ ਨਾਂ ਦੇ ਵਿਅਕਤੀ ਨੇ ਪੰਜਾਬੀ ਗਾਇਕ ਗੁਰਦਾਸ ਮਾਨ ਖ਼ਿਲਾਫ਼ ਨਕੋਦਰ ‘ਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ‘ਚ ਦਰਜ ਐੱਫ.ਆਈ.ਆਰ. ਨੂੰ ਰੱਦ ਕਰਨ ਦੇ ਸੈਸ਼ਨ ਕੋਰਟ ਨਕੋਦਰ ਦੇ ਹੁਕਮਾਂ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ‘ਚ ਚੁਣੌਤੀ ਦਿੱਤੀ ਹੈ।
ਜੱਜ ਸੰਦੀਪ ਮੌਦਗਿਲ ਨੇ ਪਟੀਸ਼ਨ ਮਨਜ਼ੂਰ ਕਰਦਿਆਂ ਸਾਰੀਆਂ ਸਬੰਧਤ ਧਿਰਾਂ ਨੂੰ ਨੋਟਿਸ ਜਾਰੀ ਕਰਕੇ 13 ਜੂਨ ਤੱਕ ਜਵਾਬ ਮੰਗਿਆ ਹੈ। ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਗੁਰਦਾਸ ਮਾਨ ਨੇ ਲਾਡੀ ਸ਼ਾਹ ਨੂੰ ਸ੍ਰੀ ਗੁਰੂ ਅਮਰਦਾਸ ਜੀ ਦੇ ਵੰਸ਼ ‘ਚੋਂ ਦੱਸਿਆ, ਜਿਸ ਨਾਲ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ।
ਹਾਲਾਂਕਿ ਇਸ ਸਬੰਧੀ ਉਨ੍ਹਾਂ ਨੇ ਮੁਆਫ਼ੀ ਵੀ ਮੰਗੀ ਸੀ। ਹਾਈ ਕੋਰਟ ਨੇ ਪਟੀਸ਼ਨ ਮਨਜ਼ੂਰ ਕਰਕੇ ਸਾਰੀਆਂ ਸਬੰਧਤ ਧਿਰਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਤੇ ਸੁਣਵਾਈ 13 ਜੂਨ ਤੱਕ ਮੁਲਤਵੀ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਸਾਲ 2021 ‘ਚ ਨਕੋਦਰ ਵਿਖੇ ਗੁਰਦਾਸ ਮਾਨ ਦਾ ਇਕ ਪ੍ਰੋਗਰਾਮ ਸੀ, ਜਿਸ ਦੌਰਾਨ ਉਨ੍ਹਾਂ ਨੇ ਸਾਈਂ ਲਾਡੀ ਸ਼ਾਹ ਨੂੰ ਸ੍ਰੀ ਗੁਰੂ ਅਮਰਦਾਸ ਜੀ ਦਾ ਵੰਸ਼ ਦੱਸਿਆ ਸੀ। ਜਦੋਂ ਗੁਰਦਾਸ ਮਾਨ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ, ਤਾਂ ਸਿੱਖ ਜਥੇਬੰਦੀਆਂ ਵਲੋਂ ਇਸ ਦਾ ਭਾਰੀ ਵਿਰੋਧ ਕੀਤਾ ਗਿਆ ਸੀ। ਇਸ ਮਾਮਲੇ ‘ਚ ਸਿੱਖ ਜਥੇਬੰਦੀਆਂ ਨੇ ਗੁਰਦਾਸ ਮਾਨ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ। ਮਾਮਲੇ ਨੂੰ ਜ਼ਿਆਦਾ ਭਖਦਾ ਵੇਖ ਹੁਣ ਗੁਰਦਾਸ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਵੀਡੀਓ ਸਾਂਝੀ ਕਰਦਿਆਂ ਮੁਆਫ਼ੀ ਵੀ ਮੰਗ ਲਈ ਸੀ।