ਚੋਣ ਨਿਸ਼ਾਨ ਬਦਲਣ ਕਾਰਨ ਮਾਨਸਾ ਖੁਰਦ ਦੀ ਸਰਪੰਚੀ ਦੀ ਵੀ ਚੋਣ ਨਾ ਹੋਈ
ਮਾਨਸਾ, 16 ਅਕਤੂਬਰ (ਪੰਜਾਬ ਮੇਲ)- ਪਿੰਡ ਮਾਨਸਾ ਖੁਰਦ ਵਿਚ ਸਰਪੰਚ ਦੀ ਚੋਣ ਲੜ ਰਹੇ ਦੋ ਉਮੀਦਵਾਰਾਂ ਦੇ ਚੋਣ ਨਿਸ਼ਾਨ ਅਦਲਾ-ਬਦਲੀ ਹੋਣ ਕਾਰਨ ਚੋਣ ਨੂੰ ਰੱਦ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਪੰਚ ਲਈ ਹੋ ਰਹੀਆਂ ਚੋਣਾਂ ਵਿਚ ਇੱਕ ਉਮੀਦਵਾਰ ਦੇ ਨਾਂ ਲਿਖਣ ਦੀ ਥਾਂ ਕਈ ਸਾਲ ਪਹਿਲਾਂ ਮਰੇ ਉਸ ਦੇ ਪਿਤਾ ਦਾ ਨਾਮ ਬੈਲਟ ਪੇਪਰ ‘ਤੇ ਛਪਣ ਕਾਰਨ ਚੋਣ ਰੱਦ ਕਰ ਦਿੱਤੀ ਗਈ। ਇਸ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਵੋਟਾਂ ਨਾ ਪੈਣ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ। ਜ਼ਿਕਰਯੋਗ ਹੈ ਕਿ ਇਥੋਂ ਤਿੰਨ ਔਰਤ ਉਮੀਦਵਾਰਾਂ ਵਿਚੋਂ ਇੱਕ ਆਮ ਆਦਮੀ ਪਾਰਟੀ ਦੇ ਸੂਬਾਈ ਕਾਰਜਕਾਰੀ ਪ੍ਰਧਾਨ ਅਤੇ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਦੀ ਰਿਸ਼ਤੇਦਾਰ ਅਮਰਜੀਤ ਕੌਰ ਨਾਲ ਸਬੰਧਤ ਹੈ। ਉਮੀਦਵਾਰ ਅਮਨਦੀਪ ਕੌਰ ਪਤਨੀ ਅਵਤਾਰ ਸਿੰਘ ਦਾ ਚੋਣ ਨਿਸ਼ਾਨ ਟਰੈਕਟਰ ਹੈ, ਜਦੋਂ ਕਿ ਅਮਰਜੀਤ ਕੌਰ ਪਤਨੀ ਅਵਤਾਰ ਸਿੰਘ ਦਾ ਚੋਣ ਨਿਸ਼ਾਨ ਰੁੱਖ ਹੈ। ਇਨ੍ਹਾਂ ਦੋਨੋਂ ਉਮੀਦਵਾਰਾਂ ਦੇ ਬੈਲਟ ਪੇਪਰਾਂ ਵਿੱਚ ਚੋਣ ਨਿਸ਼ਾਨ ਅਦਲ-ਬਦਲ ਗਏ। ਇਸ ਤਰ੍ਹਾਂ ਪੰਚ ਦੀ ਚੋਣ ਵਾਸਤੇ ਨਵਜੋਤ ਸਿੰਘ ਪੁੱਤਰ ਹਰਚਰਨ ਸਿੰਘ ਉਮੀਦਵਾਰ ਵਜੋਂ ਮੈਦਾਨ ਵਿੱਚ ਸਨ ਪਰ ਬੈਲਟ ਪੇਪਰ ਵਿਚ ਉਸ ਦੇ ਕਈ ਸਾਲ ਪਹਿਲਾਂ ਮਰੇ ਪਿਤਾ ਹਰਚਰਨ ਸਿੰਘ ਨੂੰ ਉਮੀਦਵਾਰ ਦਿਖਾਇਆ ਗਿਆ ਹੈ, ਜਿਸ ਕਰਕੇ ਪੰਚ ਦੀਆਂ ਚੋਣਾਂ ਵੀ ਰੱਦ ਕਰਨੀਆਂ ਪਈਆਂ।