ਮੁਲਾਜ਼ਮਾਂ ਨੂੰ ਚੋਣ ਡਿਊਟੀ ਸਰਟੀਫਿਕੇਟ ਜਾਰੀ ਨਾ ਕਰਨ ‘ਤੇ ਰੋਸ
ਮਾਨਸਾ, 16 ਅਕਤੂਬਰ (ਪੰਜਾਬ ਮੇਲ)- ਪੰਚਾਇਤੀ ਚੋਣਾਂ ਦੌਰਾਨ ਤੜਕਸਾਰ ਤੋਂ ਲੈ ਕੇ ਦਿਨ ਛਿਪਣ ਤੱਕ ਲੱਖਾਂ ਵੋਟਰਾਂ ਦੀਆਂ ਵੋਟਾਂ ਪਵਾਉਣ ਵਾਲੇ ਸਿਵਲ ਤੇ ਪੁਲਿਸ ਮੁਲਾਜ਼ਮ ਖੁਦ ਆਪਣੀ ਵੋਟ ਦੀ ਵਰਤੋਂ ਨਾ ਕਰ ਸਕੇ, ਹਾਲਾਂਕਿ ਪਿੰਡਾਂ ‘ਚ ਵੋਟਾਂ ਪਵਾਉਣ ਲਈ ਉਹ ਇਕ ਦਿਨ ਪਹਿਲਾਂ ਹੀ ਪੁੱਜੇ ਹੋਏ ਸਨ। ਪੰਜਾਬ ਵਿਚ ਵੋਟਾਂ ਪਵਾਉਣ ਵਾਲੇ ਅਜਿਹੇ ਮੁਲਾਜ਼ਮਾਂ ਦੀ ਗਿਣਤੀ 96,000 ਤੋਂ ਵੱਧ ਦੱਸੀ ਜਾਂਦੀ ਹੈ, ਜਦੋਂਕਿ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਇਨ੍ਹਾਂ ਨਾਲੋਂ ਵੱਖਰੀ ਹੈ, ਜੋ ਖੁਦ ਆਪਣੀ ਵੋਟ ਨਾ ਪਾ ਸਕੇ। ਪੋਲਿੰਗ ਸਟਾਫ ‘ਚ ਜ਼ਿਆਦਾਤਰ ਗਿਣਤੀ ਪੇਂਡੂ ਖੇਤਰ ਵਿਚ ਰਹਿੰਦੇ ਮੁਲਾਜ਼ਮਾਂ ਦੀ ਹੈ, ਜਿਨ੍ਹਾਂ ਨੇ ਸ਼ਹਿਰਾਂ ‘ਚ ਰਹਿੰਦਿਆਂ ਹੋਇਆਂ ਵੀ ਆਪਣੀਆਂ ਵੋਟਾਂ ਪਿੰਡਾਂ ਵਿਚ ਬਣਾਈਆਂ ਹੋਈਆਂ ਹਨ। ਜਾਣਕਾਰੀ ਅਨੁਸਾਰ ਇਸ ਵਾਰ ਡਿਊਟੀ ਦੇ ਰਹੇ ਮੁਲਾਜ਼ਮਾਂ ਨੂੰ ਚੋਣ ਡਿਊਟੀ ਸਰਟੀਫਿਕੇਟ ਜਾਰੀ ਨਹੀਂ ਕੀਤਾ ਗਿਆ, ਜਿਸ ਕਾਰਨ ਸੈਂਕੜੇ ਮੁਲਾਜ਼ਮ ਆਪਣੀਆਂ ਵੋਟਾਂ ਦੀ ਵਰਤੋਂ ਨਹੀਂ ਕਰ ਸਕੇ ਹਨ। ਆਮ ਤੌਰ ‘ਤੇ ਡਿਊਟੀ ਦੇਣ ਵਾਲੇ ਸਟਾਫ ਨੂੰ ਵੋਟਾਂ ਤੋਂ ਇਕ ਦਿਨ ਪਹਿਲਾਂ ਪੋਸਟਲ ਬੈਲਟ ਪੇਪਰ ਦਿੱਤਾ ਜਾਂਦਾ ਹੈ, ਜਿਸ ਕਰਕੇ ਉਹ ਡਾਕ ਰਾਹੀਂ ਪੈਂਦੀ ਆਪਣੀ ਵੋਟ ਨੂੰ ਸਹੀ ਸਮੇਂ ਸਿਰ ਭੁਗਤਾ ਸਕਦਾ ਹੈ। ਡਿਊਟੀ ਦੇਣ ਵਾਲੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਇਨ੍ਹਾਂ ਚੋਣਾਂ ਵਿਚ ਮੁਲਾਜ਼ਮਾਂ ਦੀ ਵੋਟ ਪਾਉਣ ਨੂੰ ਗੰਭੀਰਤਾ ਨਾਲ ਨਹੀਂ ਲਿਆ ਹੈ, ਜਦੋਂ ਕਿ ਦੂਜੇ ਪਾਸੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਚਾਇਤੀ ਚੋਣਾਂ ਦੌਰਾਨ ਅਕਸਰ ਹੀ ਮੁਲਾਜ਼ਮਾਂ ਨੂੰ ਵੋਟ ਪਾਉਣ ਤੋਂ ਵਾਂਝਾ ਰਹਿਣਾ ਪੈਂਦਾ ਹੈ।