#PUNJAB

ਪ੍ਰੋ. ਜਸਵੰਤ ਸਿੰਘ ਗੰਡਮ ਦੀ ਪਲੇਠੀ ਕਾਵਿ-ਪੁਸਤਕ ‘ਬੁੱਲ੍ਹ ਸੀਤਿਆਂ ਸਰਨਾ ਨਈਂ’ ਲੋਕ ਅਰਪਨ

ਫਗਵਾੜਾ, 30 ਅਕਤੂਬਰ (ਪੰਜਾਬ ਮੇਲ)- ਨਾਮਵਰ ਲੇਖਕ ਅਤੇ ਸੀਨੀਅਰ ਪੱਤਰਕਾਰ ਪ੍ਰੋ. ਜਸਵੰਤ ਸਿੰਘ ਗੰਡਮ ਦੀ ਪਲੇਠੀ ਕਾਵਿ-ਪੁਸਤਕ ‘ਬੁੱਲ੍ਹ ਸੀਤਿਆਂ ਸਰਨਾ ਨਈਂ’ ਇੱਕ ਸਮਾਗਮ ‘ਚ ਲੋਕ ਅਰਪਨ ਕੀਤੀ ਗਈ।
ਇਸ ਸਮਾਗਮ ਦੇ ਮੁੱਖ ਮਹਿਮਾਨ ਗੁਰਦੀਪ ਸਿੰਘ ਸੀਹਰਾ ਚਾਂਸਲਰ ਜੀ.ਐੱਨ.ਏ. ਯੂਨੀਵਰਸਿਟੀ, ਸ੍ਰੀ ਹਰਗੋਬਿੰਦਗੜ੍ਹ, ਫਗਵਾੜਾ ਅਤੇ ਐੱਮ.ਡੀ. ਜੀ.ਐੱਨ.ਏ. ਗੀਅਰਜ਼, ਮੇਹਟੀਆਣਾ ਸਨ। ਲੋਕ ਅਰਪਨ ਸਮਾਗਮ ਜੀ.ਐੱਨ.ਏ. ਯੂਨੀਵਰਸਿਟੀ ਦੇ ਵਿਹੜੇ ਵਿਚ ਹੋਇਆ। ਇਸ ਮੌਕੇ ਬੋਲਦਿਆਂ ਗੁਰਦੀਪ ਸਿੰਘ ਸੀਹਰਾ ਨੇ ਪ੍ਰੋ. ਜਸਵੰਤ ਸਿੰਘ ਗੰਡਮ ਨੂੰ ਉਨ੍ਹਾਂ ਦੀ ਨਵੀਂ ਪੁਸਤਕ ਲਈ ਵਧਾਈ ਦਿੱਤੀ ਅਤੇ ਕਲਾ ਦੀਆਂ ਵੱਖ-ਵੱਖ ਵੰਨਗੀਆਂ ਦਾ, ਮਨੁੱਖੀ ਜੀਵਨ ਵਿਚ ਮਹੱਤਤਾ ਉਪਰ ਚਾਨਣਾ ਪਾਇਆ।
ਪ੍ਰੋ: ਜਸਵੰਤ ਸਿੰਘ ਗੰਡਮ ਨੇ ਇਸ ਸਮੇਂ ਦੱਸਿਆ ਕਿ ਬੇਸ਼ੱਕ ਉਹ ਗਿਆਰਾਂ-ਬਾਰ੍ਹਾਂ ਸਾਲ ਦੀ ਉਮਰ ‘ਚ ਹੀ ਤੁਕਬੰਦੀ ਕਰਨ ਲੱਗ ਪਏ ਅਤੇ ਹੁਣ ਤੱਕ ਉਨ੍ਹਾਂ ਨੇ ਅਨੇਕਾਂ ਕਵਿਤਾਵਾਂ ਲਿਖੀਆਂ, ਪਰ ਕਿਤਾਬੀ ਰੂਪ ‘ਚ ਇਹ ਉਨ੍ਹਾਂ ਦੀ ਪਹਿਲੀ ਪੁਸਤਕ ਹੈ।
ਪੰਜਾਬੀ ਵਿਰਸਾ ਟਰੱਸਟ ਵਲੋਂ ਪ੍ਰਸਿੱਧ ਲੇਖਕ ਪ੍ਰਿੰ. ਗੁਰਮੀਤ ਸਿੰਘ ਪਲਾਹੀ ਦੀ ਅਗਵਾਈ ‘ਚ ਛਾਪੀ ਗਈ ਇਸ ਪੁਸਤਕ ਦੇ 104 ਪੰਨੇ ਹਨ ਅਤੇ 88 ਕਵਿਤਾਵਾਂ ਹਨ। ਇਸਦੇ ਟਾਈਟਲ ਦਾ ਆਕਰਸ਼ਕ ਡਿਜ਼ਾਇਨ ਲੇਖਕ ਤੇ ਕਲਾਕਾਰ ਪਰਵਿੰਦਰਜੀਤ ਸਿੰਘ ਨੇ ਬਣਾਇਆ ਹੈ। ਪ੍ਰੋ: ਗੰਡਮ ਨੇ ਅੰਗਰੇਜ਼ੀ ਕਵੀ ਵਿਲੀਅਮ ਵਰਡਜ ਵਰਥ ਦਾ ਹਵਾਲਾ ਦਿੰਦਿਆਂ ਕਿਹਾ ਕਿ ਕਵਿਤਾ ਪ੍ਰਚੰਡ ਭਾਵਨਾਵਾਂ ਦਾ ਆਪ ਮੁਹਾਰਾ ਵਹਿਣ ਹੈ। ਉਨ੍ਹਾਂ ਨੇ ਲੋਕ ਕਵੀ ਸੁਰਜੀਤ ਪਾਤਰ ਨੂੰ ਕੋਟ ਕਰਦਿਆਂ ਕਿਹਾ ਕਿ ਵਾਰਤਕ ਚੱਲਣ ਵਾਂਗ ਹੈ ਅਤੇ ਕਵਿਤਾ ਨੱਚਣ ਵਾਂਗਰ।
ਉਨ੍ਹਾਂ ਦੱਸਿਆ ਕਿ ਇਸ ਪੁਸਤਕ ‘ਚ ਬੌਧਿਕ ਕਵਿਤਾਵਾਂ ਤੋਂ ਬਿਨ੍ਹਾਂ ਮੌਜੂਦਾ ਸਮੇਂ ‘ਚ ਟੈਕਨਾਲੋਜੀ ਬਾਰੇ ‘ਨੈਟ-ਨਾਮਾ’ ਸਿਰਲੇਖ ਅਧੀਨ, ਦੋਹੇ/ਟੱਪੇ ਅਤੇ ਵਿਅੰਗਮਈ ਕਵਿਤਾਵਾਂ ਸ਼ਾਮਲ ਹਨ। ਇਕ ਕਵਿਤਾ ‘ਚ ਉਨ੍ਹਾਂ ਵਲੋਂ ਪੰਜਾਬੀ ਦੇ ਮਹਾਨ ਸ਼ਾਇਰ ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ।
ਕਿਤਾਬ ਬਾਰੇ ਪ੍ਰਿੰ. ਗੁਰਮੀਤ ਸਿੰਘ ਪਲਾਹੀ ਨੇ ਕਿਹਾ ਕਿ ਪ੍ਰੋ. ਜਸਵੰਤ ਸਿੰਘ ਗੰਡਮ ਨੇ ਪਹਿਲਾਂ ਵਾਰਤਕ ਦੀਆਂ ਤਿੰਨ ਪੁਸਤਕ ‘ਕੁਛ ਤੇਰੀਆਂ ਕੁਛ ਮੇਰੀਆਂ’, ‘ਸੁੱਤੇ ਸ਼ਹਿਰ ਦਾ ਸਫ਼ਰ’, ‘ਉੱਗਦੇ ਸੂਰਜ ਦੀ ਅੱਖ’ ਲਿਖੀਆਂ ਹਨ, ਅਤੇ ਉਨ੍ਹਾਂ ਦਾ ਕਾਵਿ-ਸੰਸਾਰ ਵਿਚ ”ਬੁੱਲ੍ਹ ਸੀਤਿਆਂ ਸਰਨਾ ਨਈਂ” ਪੁਸਤਕ ਨਾਲ ਦਾਖ਼ਲਾ ਸ਼ਲਾਘਾਯੋਗ ਹੈ, ਕਿਉਂਕਿ ਇਸ ਵਿਚ ਸੱਭੋ ਕਵਿਤਾਵਾਂ ਚੰਗੇਰੇ ਲੋਕ ਹਿਤੈਸ਼ੀ ਸਾਹਿਤ ਦੀ ਝਲਕ ਦਿੰਦੀਆਂ ਹਨ।
ਇਸ ਸਮੇਂ ਹੋਰਨਾਂ ਤੋਂ ਬਿਨ੍ਹਾਂ ‘ਪੰਜਾਬੀ ਕਵੀ ਤੇ ਲੇਖਕ ਬਲਦੇਵ ਰਾਜ ਕੋਮਲ, ਪਰਵਿੰਦਰਜੀਤ ਸਿੰਘ, ਸੁਖਵਿੰਦਰ ਸਿੰਘ ਅਤੇ ਜੀ.ਐੱਨ.ਏ. ਯੂਨੀਵਰਸਿਟੀ ਦੇ ਡੀਨ- ਡਾ. ਮੋਨਿਕਾ ਹੰਸਪਾਲ, ਡਾ. ਸਮੀਰ ਵਰਮਾ ਅਤੇ ਡਾ. ਵਿਕਰਾਂਤ ਸ਼ਰਮਾ ਆਦਿ ਸ਼ਾਮਲ ਸਨ।