#PUNJAB

ਪ੍ਰੇਮ ਪ੍ਰਸੰਗ ਦੇ ਚੱਕਰ ‘ਚ ਅਮਰੀਕਾ ਤੋਂ ਪੰਜਾਬ ਗਏ N.R.I. ਨੇ ਆਸਟ੍ਰੇਲੀਆ ਤੋਂ ਆਏ ਨੌਜਵਾਨ ਦਾ ਕੀਤਾ ਕਤਲ

-ਪੁਲਿਸ ਨੇ ਕੁਝ ਹੀ ਘੰਟਿਆਂ ‘ਚ ਸੁਲਝਾਇਆ ਭੇਤ
ਪਠਾਨਕੋਟ, 6 ਮਾਰਚ (ਪੰਜਾਬ ਮੇਲ)- ਅਮਰੀਕਾ ਤੋਂ ਗਏ ਮਨਦੀਪ ਸਿੰਘ ਨੇ ਆਸਟ੍ਰੇਲੀਆ ਤੋਂ ਆਏ ਹਰਦੇਵ ਸਿੰਘ ਦਾ ਕਥਿਤ ਤੌਰ ‘ਤੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪਠਾਨਕੋਟ ਪੁਲਿਸ ਨੇ ਇਸ ਦੀ ਜਾਂਚ ਕਰਦਿਆਂ 8 ਘੰਟਿਆਂ ਵਿਚ ਹੀ ਇਸ ਕਤਲ ਦਾ ਭੇਤ ਸੁਲਝਾ ਲਿਆ। ਐੱਸ.ਐੱਸ.ਪੀ. ਦਲਜਿੰਦਰ ਸਿੰਘ ਢਿੱਲੋਂ ਅਨੁਸਾਰ 3 ਮਾਰਚ ਨੂੰ ਆਸਟ੍ਰੇਲੀਆ ਤੋਂ ਆਇਆ ਹਰਦੇਵ ਸਿੰਘ ਆਪਣੇ ਦੋਸਤ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਤਰਨਤਾਰਨ ਗਿਆ ਸੀ। ਪਰ ਵਾਪਸੀ ‘ਤੇ ਉਸ ਦਾ ਕਤਲ ਹੋ ਗਿਆ। ਇਸ ਸਬੰਧੀ ਪਿੰਡ ਮੁੱਠੀ ਦੇ ਸਰਪੰਚ ਵਿਕਰਮ ਸਿੰਘ ਨੇ ਫੋਨ ‘ਤੇ ਪੁਲਿਸ ਨੂੰ ਇਤਲਾਹ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਐੱਫ.ਆਈ.ਆਰ. ਨੰ. 20 ਦੀ ਧਾਰਾ 302, 25-54-59 ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ।
ਪੁਲਿਸ ਅਨੁਸਾਰ ਮ੍ਰਿਤਕ ਐੱਨ.ਆਰ.ਆਈ. ਹਰਦੇਵ ਸਿੰਘ ਨੇ 2021 ‘ਚ ਇਕ ਮਹਿਲਾ ਨਾਲ ਦੋਸਤੀ ਕੀਤੀ ਸੀ, ਪਰ ਉਸ ਮਹਿਲਾ ਨੇ ਜਨਵਰੀ 2024 ‘ਚ ਮਨਦੀਪ ਸਿੰਘ ਵਾਸੀ ਗੁਰਦਾਸਪੁਰ, ਜੋ ਹੁਣ ਅਮਰੀਕਾ ਤੋਂ ਆਇਆ ਸੀ, ਨਾਲ ਦੋਸਤੀ ਕਰ ਲਈ। ਇਸ ‘ਤੇ ਦੋਵਾਂ ਨੌਜਵਾਨਾਂ ਵਿਚਕਾਰ ਤਲਖੀ ਹੋ ਗਈ। ਜਿਸ ‘ਤੇ ਮਨਦੀਪ ਸਿੰਘ ਨੇ ਹਰਦੇਵ ਸਿੰਘ ਦਾ ਕਥਿਤ ਤੌਰ ‘ਤੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਤੇ ਅਮਰੀਕਾ ਵਾਪਸ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਵੱਲੋਂ ਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਵੱਖ-ਵੱਖ ਟੀਮਾਂ ਬਣਾਈਆਂ ਹਨ ਅਤੇ ਦੱਸਿਆ ਕਿ ਉਸ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।