#PUNJAB

ਪ੍ਰੀਸ਼ਦ ਤੇ ਸਮਿਤੀ ਚੋਣਾਂ ਦੇ ਨਤੀਜੇ ਤੈਅ ਕਰਨਗੇ ਹਾਕਮ ਧਿਰ ਦੇ ਵਿਧਾਇਕਾਂ ਦੀ ਦਾਅਵੇਦਾਰੀ

ਕਈਆਂ ਦਾ ਭਵਿੱਖ ਦਾਅ ‘ਤੇ; ‘ਆਪ’ ਨੂੰ ਟੱਕਰ ਦੇਣ ਦੇ ਰੌਂਅ ਵਿਚ ਵਿਰੋਧੀ ਧਿਰਾਂ
ਮੋਗਾ, 8 ਦਸੰਬਰ (ਪੰਜਾਬ ਮੇਲ)- ਪੰਜਾਬ ਵਿਚ 14 ਦਸੰਬਰ ਦੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਸੂਬੇ ਵਿਚ ਅਗਾਮੀ ਵਿਧਾਨ ਸਭਾ ਚੋਣਾਂ ਤੋਂ ਸਿਰਫ਼ 15 ਮਹੀਨੇ ਪਹਿਲਾਂ ਹੋ ਰਹੀਆਂ ਹਨ। ਪਿੰਡਾਂ ਵਿਚ ਵਿਆਹ ਵਰਗਾ ਮਾਹੌਲ ਹੈ। ਜ਼ਿਲ੍ਹਾ ਪ੍ਰੀਸ਼ਦ ਜਾਂ ਬਲਾਕ ਸਮਿਤੀ ਮੈਂਬਰ ਬਣਨ ਲਈ ਉਮੀਦਵਾਰਾਂ ਵੱਲੋਂ ਗੱਡੀਆਂ ਤੇ ਕਾਫ਼ਲਿਆਂ ਨਾਲ ਵੋਟਾਂ ਮੰਗਣ ਦਾ ਕੰਮ ਸ਼ੁਰੂ ਹੋ ਗਿਆ ਹੈ।
ਇਨ੍ਹਾਂ ਚੋਣਾਂ ਰਾਹੀਂ ਸਿਆਸੀ ਆਗੂਆਂ ਦੇ ਧੀਆਂ-ਪੁੱਤਰਾਂ, ਰਿਸ਼ਤੇਦਾਰਾਂ ਤੇ ਚਹੇਤਿਆਂ ਦੇ ਸਿਆਸੀ ਸਫ਼ਰ ਦੀ ਸ਼ੁਰੂਆਤ ਕਰਵਾਈ ਜਾਂਦੀ ਹੈ। ਇਸ ਦੌਰਾਨ ਜਿਥੇ ਸਿਆਸੀ ਧਿਰਾਂ ਆਪਣਾ ਪੇਂਡੂ ਵੋਟ ਆਧਾਰ ਮਜ਼ਬੂਤ ਕਰਨ ਲਈ ਪੂਰੀ ਵਾਹ ਲਾ ਰਹੀਆਂ ਹਨ, ਉਥੇ ਹਾਕਮ ਧਿਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਲਈ ਇਹ ਚੋਣ ਨਤੀਜੇ ਭਵਿੱਖ ਤੈਅ ਕਰਨਗੇ ਕਿ ਉਨ੍ਹਾਂ ਨੂੰ ਅਗਾਮੀ ਵਿਧਾਨ ਸਭਾ ਚੋਣਾਂ ਲਈ ਟਿਕਟ ਮਿਲਦੀ ਹੈ ਜਾਂ ਨਹੀਂ। ਮੋਗਾ ਜ਼ਿਲ੍ਹੇ ਦੇ ਚਾਰ ਵਿਧਾਇਕਾਂ ਲਈ ਵੀ ਇਹ ਚੋਣਾਂ ਪਰਖ ਦੀ ਘੜੀ ਸਾਬਤ ਹੋਣਗੀਆਂ। ਅਕਾਲੀ ਦਲ (ਬ) ਅਤੇ ਕਾਂਗਰਸ ਪੂਰੀ ਤਰ੍ਹਾਂ ਹਾਕਮ ਧਿਰ ਨੂੰ ਟੱਕਰ ਦੇਣ ਦੇ ਰੌਂਅ ਵਿਚ ਹਨ।
ਇਥੇ ਜ਼ਿਲ੍ਹਾ ਪ੍ਰੀਸ਼ਦ ਲਈ 15 ਜ਼ੋਨਾਂ ਵਿਚ ‘ਆਪ’ ਤੇ ਅਕਾਲੀ ਦਲ (ਬ) ਵੱਲੋਂ ਉਮੀਦਵਾਰ ਤੇ ਕਾਂਗਰਸ ਵੱਲੋਂ 14 ਜ਼ੋਨਾਂ ਤੇ ਭਾਜਪਾ ਵੱਲੋਂ 11 ਜ਼ੋਨਾਂ ਵਿਚ ਉਮੀਦਵਾਰ ਖੜ੍ਹੇ ਕੀਤੇ ਗਏ ਹਨ। ਅਕਾਲੀ ਦਲ (ਪੁਨਰ ਸੁਰਜੀਤੀ) ਨੇ ਬਾਘਾਪੁਰਾਣਾ ਤੇ ਮੋਗਾ ਵਿਧਾਨ ਸਭਾ ਹਲਕੇ ਦੇ ਜ਼ੋਨਾਂ ਵਿਚ ਕੋਈ ਉਮੀਦਵਾਰ ਮੈਦਾਨ ਵਿਚ ਨਹੀਂ ਉਤਾਰਿਆ, ਧਰਮਕੋਟ ਤੇ ਨਿਹਾਲ ਸਿੰਘ ਵਾਲਾ ਜ਼ੋਨ ਵਿਚ ਸਿਰਫ਼ ਚਾਰ ਉਮੀਦਵਾਰ ਕਿਸਮਤ ਅਜ਼ਮਾ ਰਹੇ ਹਨ। ਪਾਰਟੀ ਆਗੂ ਅਮਰਜੀਤ ਸਿੰਘ ਗਿੱਲ ਲੰਢੇਕੇ ਨੇ ਕਿਹਾ ਕਿ ਜ਼ੋਨਾਂ ‘ਚ ਹਮਖ਼ਿਆਲੀ ਆਜ਼ਾਦ ਉਮੀਦਵਾਰਾਂ ਦੀ ਮਦਦ ਕੀਤੀ ਜਾ ਰਹੀ ਹੈ। ਭਾਜਪਾ ਆਗੂ ਤੇ ਪਾਰਟੀ ਦੇ ਬੁਲਾਰੇ ਨਿਧੜਕ ਸਿੰਘ ਬਰਾੜ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਪਾਰਟੀ ਵਧੀਆ ਪ੍ਰਦਰਸ਼ਨ ਕਰਕੇ ਦੱਸੇਗੀ ਕਿ ਭਾਜਪਾ ਇਕੱਲਿਆਂ ਚੋਣ ਲੜਨ ਦਾ ਦਮ ਰੱਖਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਲੋਕਾਂ ਅੰਦਰ ਭਾਜਪਾ ਨੇ ਆਪਣਾ ਵੱਖਰਾ ਜਨ ਆਧਾਰ ਬਣਾ ਲਿਆ ਹੈ। ਲੋਕਤੰਤਰ ਲਈ ਇਹ ਜ਼ਰੂਰੀ ਹੈ ਕਿ ਚੋਣਾਂ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਕਰਵਾਈਆਂ ਜਾਣ।