ਲੰਡਨ, 8 ਜਨਵਰੀ (ਪੰਜਾਬ ਮੇਲ)- ਸ਼ਾਹੀ ਪਰਿਵਾਰ ਨਾਲ ਅਣਬਣ ਤੋਂ ਬਾਅਦ ਅਮਰੀਕਾ ‘ਚ ਠਹਿਰ ਰੱਖਣ ਵਾਲੇ ਮਹਾਰਾਜਾ ਚਾਰਲਸ ਤੀਜੇ ਤੇ ਰਾਜਕੁਮਾਰੀ ਡਾਇਨਾ ਦੇ ਬੇਟੇ ਡਿਊਕ ਆਫ ਸੁਸੇਕਸ ਨੇ ਯੂ.ਕੇ. ‘ਚ ਸਵੈਚਾਲਕ ਹਥਿਆਰਬੰਦ ਪੁਲਿਸ ਸੁਰੱਖਿਆ ਦਾ ਅਧਿਕਾਰ ਜਿੱਤਿਆ ਹੈ। ਸ਼ਾਹੀ ਪਰਿਵਾਰ ਦੇ ਕਾਰਜਕਾਰੀ ਮੈਂਬਰ ਵਜੋਂ ਫਾਰਗ ਹੋਣ ਤੋਂ ਬਾਅਦ ਜਦੋਂ ਰਾਜਕੁਮਾਰ ਹੈਰੀ ਦੀਆਂ ਸ਼ਾਹੀ ਜ਼ਿੰਮੇਵਾਰੀਆਂ ਖ਼ਤਮ ਹੋ ਗਈਆਂ ਸਨ, ਜਿਸ ਕਾਰਨ ਉਨ੍ਹਾਂ ਦੀ ਸੁਰੱਖਿਆ ਵੀ ਵਾਪਸ ਲੈ ਲਈ ਗਈ ਸੀ। ਉਪਰੰਤ ਵੀ.ਆਈ.ਪੀ. ਕਮੇਟੀ (ਰਵੇਕ) ਦੇ ਉਕਤ ਫੈਸਲੇ ਖਿਲਾਫ ਪਿਛਲੇ ਸਾਲ ਮਈ ‘ਚ ਰਾਜੁਕੁਮਾਰ ਹੈਰੀ ਅਦਾਲਤੀ ਕੇਸ ਵੀ ਹਾਰ ਗਏ ਸਨ। ਪ੍ਰਿੰਸ ਹੈਰੀ ਨੂੰ ਬੀਤੇ ਸਮੇਂ ਆਨਲਾਈਨ ਧਮਕੀਆਂ ਮਿਲੀਆਂ ਤੇ ਲੰਡਨ ਫੇਰੀ ਮੌਕੇ ਉਸ ‘ਤੇ ਹੋਈ ਪੱਥਰਬਾਜ਼ੀ ਤੋਂ ਬਾਅਦ ਉਨ੍ਹਾਂ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੂੰ ਪੱਤਰ ਲਿਖ ਕੇ ਸੁਰੱਖਿਆ ਦੀ ਮੰਗ ਕੀਤੀ ਸੀ। ਰਵੇਕ ਵੱਲੋਂ ਕੀਤੇ ਗਏ ਮੁਲਾਂਕਣ ਤੋਂ ਬਾਅਦ ਸੁਰੱਖਿਆ ਕਮੇਟੀ ਨੇ ਸਵੈਚਾਲਕ ਹਥਿਆਰਬੰਦ ਪੁਲਿਸ ਸੁਰੱਖਿਆ ਦੇਣ ਦਾ ਮੁੜ ਫੈਸਲਾ ਕੀਤਾ ਹੈ। ਦਿਸ਼ਾ-ਨਿਰਦੇਸ਼ਾਂ ਤਹਿਤ ਹੈਰੀ ਨੂੰ ਯੂ.ਕੇ. ਆਉਣ ਤੋਂ 30 ਦਿਨ ਪਹਿਲਾਂ ਮੈਟਰੋਪੋਲੀਟਨ ਪੁਲਿਸ ਨੂੰ ਸੂਚਿਤ ਕਰਨਾ ਹੋਵੇਗਾ। ਪ੍ਰਿੰਸ ਹੈਰੀ ਤੇ ਉਨ੍ਹਾਂ ਦੇ ਵਕੀਲਾਂ ਨੇ ਕਿਹਾ ਕਿਹਾ ਕਿ 2020 ‘ਚ 24 ਘੰਟੇ ਵਾਲੀ ਸੁਰੱਖਿਆ ਵਾਪਸ ਲੈਣ ਤੋਂ ਬਾਅਦ ਹੈਰੀ, ਉਸਦੀ ਪਤਨੀ ਮੇਘਨ, ਬੱਚੇ ਲਿਲੀਬੇਟ ਤੇ ਆਰਚੀ ਦਾ ਯੂ.ਕੇ. ਦੌਰਾ ਸੁਰੱਖਿਅਤ ਨਹੀਂ ਸੀ।
ਪ੍ਰਿੰਸ ਹੈਰੀ ਨੇ ਯੂ.ਕੇ. ‘ਚ ਜਿੱਤਿਆ ਹਥਿਆਰਬੰਦ ਪੁਲਿਸ ਸੁਰੱਖਿਆ ਦੇ ਅਧਿਕਾਰ ਦਾ ਕੇਸ

