-ਵਿਦੇਸ਼ਾਂ ਤੋਂ ਡਾਲਰ ਮਿਲਣ ਦੇ ਮਾਮਲੇ ‘ਚ ਭਾਰਤ ਮੋਹਰੀ
ਸੰਯੁਕਤ ਰਾਸ਼ਟਰ, 9 ਮਈ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ਮਾਈਗਰੇਸ਼ਨ ਏਜੰਸੀ ਨੇ ਕਿਹਾ ਹੈ ਕਿ ਭਾਰਤ ‘ਚ ਸਾਲ 2022 ਦੌਰਾਨ 111 ਅਰਬ ਡਾਲਰ ਦੀ ਰਕਮ ਭੇਜੀ ਗਈ, ਜੋ ਦੁਨੀਆਂ ‘ਚ ਸਭ ਤੋਂ ਵੱਧ ਹੈ। ਇਸ ਦੇ ਨਾਲ ਭਾਰਤ 100 ਅਰਬ ਡਾਲਰ ਦੇ ਅੰਕੜੇ ਤੱਕ ਪੁੱਜਣ ਅਤੇ ਇਸ ਨੂੰ ਪਾਰ ਕਰਨ ਵਾਲਾ ਪਹਿਲਾ ਮੁਲਕ ਬਣ ਗਿਆ ਹੈ। ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਾਈਗਰੇਸ਼ਨ ਨੇ ਜਾਰੀ ਆਪਣੀ ਆਲਮੀ ਮਾਈਗਰੇਸ਼ਨ ਰਿਪੋਰਟ ‘ਚ ਕਿਹਾ ਕਿ 2022 ‘ਚ ਬਾਹਰੋਂ ਆਈ ਰਕਮ ਹਾਸਲ ਕਰਨ ਵਾਲੇ ਸਿਖਰਲੇ ਪੰਜ ਮੁਲਕਾਂ ‘ਚ ਭਾਰਤ, ਮੈਕਸਿਕੋ, ਚੀਨ, ਫਿਲਪੀਨਜ਼ ਅਤੇ ਫਰਾਂਸ ਸ਼ਾਮਲ ਹਨ। ਪ੍ਰਵਾਸੀਆਂ ਵੱਲੋਂ ਆਪਣੇ ਮੂਲ ਮੁਲਕ ‘ਚ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਭੇਜੀ ਗਈ ਰਕਮ ਦੇ ਆਧਾਰ ‘ਤੇ ਇਹ ਰਿਪੋਰਟ ਤਿਆਰ ਕੀਤੀ ਗਈ ਹੈ।
ਰਿਪੋਰਟ ਮੁਤਾਬਕ ਮੈਕਸਿਕੋ ਦੂਜਾ ਸਭ ਤੋਂ ਵਧ ਰਕਮ ਹਾਸਲ ਕਰਨ ਵਾਲਾ ਮੁਲਕ ਰਿਹਾ। ਇਹ ਸਥਾਨ ਉਸ ਨੇ 2021 ਵਿਚ ਚੀਨ ਨੂੰ ਪਿੱਛੇ ਛੱਡ ਦੇ ਹਾਸਲ ਕੀਤਾ ਸੀ। ਇਸ ਤੋਂ ਪਹਿਲਾਂ ਤੱਕ ਭਾਰਤ ਤੋਂ ਬਾਅਦ ਚੀਨ ਦੂਜੇ ਨੰਬਰ ‘ਤੇ ਸੀ। ਰਿਪੋਰਟ ਦੇ ਅੰਕੜਿਆਂ ਮੁਤਾਬਕ ਭਾਰਤ 2010 (53.48 ਅਰਬ ਡਾਲਰ), 2015 (68.91 ਅਰਬ ਡਾਲਰ) ਤੇ 2020 (83.15 ਅਰਬ ਡਾਲਰ) ‘ਚ ਵੀ ਸਿਖਰ ‘ਤੇ ਰਿਹਾ ਸੀ। ਦੱਖਣੀ ਏਸ਼ੀਆ ਵਿਚ ਤਿੰਨ ਮੁਲਕ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਦੁਨੀਆਂ ‘ਚ ਕੌਮਾਂਤਰੀ ਤੌਰ ‘ਤੇ ਬਾਹਰੋਂ ਮਿਲਣ ਵਾਲੀ ਰਕਮ ਵਾਲੇ 10 ਸਿਖਰਲੇ ਮੁਲਕਾਂ ‘ਚ ਸ਼ਾਮਲ ਰਹੇ।
ਪ੍ਰਵਾਸੀ ਭਾਰਤੀਆਂ ਨੇ 2022 ‘ਚ 111 ਅਰਬ ਡਾਲਰ ਤੋਂ ਵੱਧ ਰਕਮ ਮੁਲਕ ਭੇਜੀ
