ਚੰਡੀਗੜ੍ਹ, 29 ਜਨਵਰੀ (ਪੰਜਾਬ ਮੇਲ)- ਕਈ ਸਾਲਾਂ ਦੀ ਉਡੀਕ ਅਤੇ ਦਰਜਨ ਤੋਂ ਵੱਧ ਡੈੱਡਲਾਈਨਾਂ ਲੰਘਣ ਤੋਂ ਬਾਅਦ ਲੁਧਿਆਣਾ ਦਾ ਹਲਵਾਰਾ ਕੌਮਾਂਤਰੀ ਹਵਾਈ ਅੱਡਾ ਆਖਿਰਕਾਰ ਉਦਘਾਟਨ ਲਈ ਤਿਆਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਫਰਵਰੀ, 2026 ਨੂੰ ਵਰਚੁਅਲ ਤਰੀਕੇ ਨਾਲ ਇਸ ਦਾ ਉਦਘਾਟਨ ਕਰਨਗੇ।
ਇਸ ਇਤਿਹਾਸਕ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿਖੇ ਵੀਰਵਾਰ ਨੂੰ ਇਕ ਉੱਚ ਪੱਧਰੀ ਮੀਟਿੰਗ ਸੱਦੀ। ਹਾਲਾਂਕਿ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਉਡਾਣਾਂ ਮਾਰਚ 2026 ਤੋਂ ਸ਼ੁਰੂ ਹੋਣ ਦਾ ਐਲਾਨ ਕੀਤਾ ਸੀ ਪਰ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਹਵਾਈ ਅੱਡੇ ਦਾ ਉਦਘਾਟਨ ਉਡਾਣਾਂ ਸ਼ੁਰੂ ਹੋਣ ਦੀ ਨਿਰਧਾਰਿਤ ਮਿਤੀ ਤੋਂ ਪਹਿਲਾਂ ਕੀਤਾ ਜਾ ਰਿਹਾ ਹੈ।
ਇਹ ਪ੍ਰੋਜੈਕਟ ਸਾਲ 2022 ਤੋਂ ਫੰਡਾਂ ਦੀ ਘਾਟ ਅਤੇ ਭਾਰਤੀ ਹਵਾਈ ਸੈਨਾ ਦੇ ਰਨਵੇਅ ਦੇ ਕੰਮ ਕਾਰਨ ਲਗਾਤਾਰ ਪੱਛੜਦਾ ਰਿਹਾ ਹੈ। ਜੂਨ 2022 ਤੋਂ ਲੈ ਕੇ ਮਾਰਚ 2024 ਤੱਕ ਕਈ ਵਾਰ ਇਸ ਦੀਆਂ ਤਰੀਕਾਂ ਬਦਲੀਆਂ ਗਈਆਂ। ਹੁਣ ਇਸ ਦੇ ਮੁਕੰਮਲ ਹੋਣ ਨਾਲ ਲੁਧਿਆਣਾ ਦੇ ਉਦਯੋਗਪਤੀਆਂ ਵਿਚ ਖੁਸ਼ੀ ਦੀ ਲਹਿਰ ਹੈ। ਇਸ ਹਵਾਈ ਅੱਡੇ ਦੇ ਸ਼ੁਰੂ ਹੋਣ ਨਾਲ ਉਦਯੋਗ ਜਗਤ ਨੂੰ ਵੱਡੀ ਸਹੂਲਤ ਮਿਲੇਗੀ ਅਤੇ ਸਫ਼ਰ ਦੇ ਸਮੇਂ ਦੀ ਬੱਚਤ ਹੋਵੇਗੀ। ਇਹ ਹਵਾਈ ਅੱਡਾ ਨਾ ਸਿਰਫ਼ ਲੁਧਿਆਣਾ, ਸਗੋਂ ਪੂਰੇ ਮਾਲਵਾ ਖੇਤਰ ਦੇ ਆਰਥਿਕ ਵਿਕਾਸ ਲਈ ਇਕ ਮੀਲ ਪੱਥਰ ਸਾਬਤ ਹੋਵੇਗਾ।
ਪ੍ਰਧਾਨ ਮੰਤਰੀ ਮੋਦੀ 1 ਫਰਵਰੀ ਨੂੰ ਹਲਵਾਰਾ ਹਵਾਈ ਅੱਡੇ ਦਾ ਕਰਨਗੇ ਉਦਘਾਟਨ

