-22 ਜੂਨ ਨੂੰ ਅਮਰੀਕੀ ਸੰਸਦ ਨੂੰ ਕਰਨਗੇ ਸੰਬੋਧਨ
ਵਾਸ਼ਿੰਗਟਨ, 7 ਜੂਨ (ਪੰਜਾਬ ਮੇਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੂਨ ਦੇ ਅੰਤ ‘ਚ ਅਮਰੀਕਾ ਦਾ ਦੌਰਾ ਕਰਨਗੇ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਪੀ.ਐੱਮ. ਮੋਦੀ ਲਈ ਡਿਨਰ ਦਾ ਆਯੋਜਨ ਕੀਤਾ ਹੈ। ਇਸ ਦੌਰਾਨ ਪੀ.ਐੱਮ. ਮੋਦੀ ਅਮਰੀਕੀ ਕਾਂਗਰਸ ਦੇ ਸਾਂਝੇ ਸੈਸ਼ਨ ਨੂੰ ਵੀ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਮੋਦੀ ਦਾ ਇਹ ਸੰਬੋਧਨ 22 ਜੂਨ ਨੂੰ ਹੋਵੇਗਾ।
ਕੈਰੀਨ ਜੀਨ-ਪੀਅਰੇ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 22 ਜੂਨ ਨੂੰ ਅਮਰੀਕਾ ਦਾ ਦੌਰਾ ਕਰਨਗੇ ਤੇ ਰਾਸ਼ਟਰਪਤੀ ਜੋਅ ਬਾਇਡਨ ਅਤੇ ਪ੍ਰਥਮ ਮਹਿਲਾ ਜਿਲ ਬਾਇਡਨ ਇਕ ਸਰਕਾਰੀ ਰਾਤ ਦੇ ਖਾਣੇ ‘ਤੇ ਉਨ੍ਹਾਂ ਦੀ ਮੇਜ਼ਬਾਨੀ ਕਰਨਗੇ। ਵ੍ਹਾਈਟ ਹਾਊਸ ਨੇ ਕਿਹਾ, ”ਆਗਾਮੀ ਯਾਤਰਾ ਸੰਯੁਕਤ ਰਾਜ ਅਤੇ ਭਾਰਤ ਵਿਚਾਲੇ ਡੂੰਘੀ ਅਤੇ ਨਜ਼ਦੀਕੀ ਸਾਂਝੇਦਾਰੀ ਤੇ ਪਰਿਵਾਰਕ ਅਤੇ ਦੋਸਤੀ ਦੇ ਨਿੱਘੇ ਬੰਧਨ ਦੀ ਪੁਸ਼ਟੀ ਕਰੇਗੀ, ਜੋ ਅਮਰੀਕੀਆਂ ਤੇ ਭਾਰਤੀਆਂ ਨੂੰ ਆਪਸ ਵਿਚ ਬੰਨ੍ਹਦੇ ਹਨ।” ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਇਹ ਫੇਰੀ ਇਕ ਆਜ਼ਾਦ, ਖੁੱਲ੍ਹੇ, ਖੁਸ਼ਹਾਲ ਅਤੇ ਸੁਰੱਖਿਅਤ ਇੰਡੋ-ਪੈਸੀਫਿਕ ਖੇਤਰ ਲਈ ਦੋਵਾਂ ਦੇਸ਼ਾਂ ਦੀ ਸਾਂਝੀ ਵਚਨਬੱਧਤਾ ਨੂੰ ਦੁਹਰਾਉਂਦੀ ਹੈ। ਇਹ ਰੱਖਿਆ, ਸਵੱਛ ਊਰਜਾ ਅਤੇ ਪੁਲਾੜ ਸਮੇਤ ਸਾਡੀ ਰਣਨੀਤਕ ਟੈਕਨਾਲੋਜੀ ਭਾਈਵਾਲੀ ਨੂੰ ਵਧਾਉਣ ਦੇ ਸਾਡੇ ਸਾਂਝੇ ਸੰਕਲਪ ਨੂੰ ਮਜ਼ਬੂਤ ਕਰੇਗਾ।
ਵ੍ਹਾਈਟ ਹਾਊਸ ਵੱਲੋਂ ਜਾਰੀ ਇਕ ਬਿਆਨ ‘ਚ ਕਿਹਾ ਗਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਬਾਇਡਨ ਨਾਲ ਮੁਲਾਕਾਤ ਦੌਰਾਨ ਦੋਵੇਂ ਨੇਤਾ ਸਾਡੇ ਵਿਦਿਅਕ ਅਦਾਨ-ਪ੍ਰਦਾਨ ਅਤੇ ਲੋਕਾਂ ਨਾਲ ਲੋਕਾਂ ਦੇ ਸਬੰਧਾਂ ਨੂੰ ਹੋਰ ਵਧਾਉਣ ਦੇ ਤਰੀਕਿਆਂ ‘ਤੇ ਚਰਚਾ ਕਰਨਗੇ। ਇਸ ਦੇ ਨਾਲ ਹੀ ਅਸੀਂ ਜਲਵਾਯੂ ਪਰਿਵਰਤਨ ਤੋਂ ਲੈ ਕੇ ਕਰਮਚਾਰੀਆਂ ਦੇ ਵਿਕਾਸ ਅਤੇ ਸਿਹਤ ਸੁਰੱਖਿਆ ਤੱਕ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਮਿਲ ਕੇ ਕੰਮ ਕਰਾਂਗੇ।