ਵੈਟੀਕਨ ਸਿਟੀ, 6 ਨਵੰਬਰ (ਪੰਜਾਬ ਮੇਲ)- ਪੋਪ ਲਿਓ 14ਵੇਂ ਨੇ ਅਮਰੀਕਾ ‘ਚ ਹਿਰਾਸਤ ਵਿਚ ਲਏ ਗਏ ਪ੍ਰਵਾਸੀਆਂ ਨਾਲ ਹੋ ਰਹੇ ਵਿਹਾਰ ‘ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਕਈ ਲੋਕ ਜੋ ਸਾਲਾਂ ਤੋਂ ਉੱਥੇ ਰਹਿ ਰਹੇ ਹਨ ਤੇ ਉਨ੍ਹਾਂ ਕਦੀ ਕੋਈ ਸਮੱਸਿਆ ਪੈਦਾ ਨਹੀਂ ਕੀਤੀ, ਉਹ ਇਸ ਸਮੇਂ ਜੋ ਕੁਝ ਹੋ ਰਿਹਾ ਹੈ, ਉਸ ਤੋਂ ਬਹੁਤ ਪ੍ਰਭਾਵਿਤ ਹੋਏ ਹਨ। ਸ਼ਿਕਾਗੋ ‘ਚ ਜਨਮੇ ਪੋਪ ਬੀਤੇ ਦਿਨੀਂ ਕਾਸਲ ਗੰਡੋਲਫੋ ‘ਚ ਪੋਪ ਰੀਟਰੀਟ ਦੇ ਬਾਹਰ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦੇ ਰਹੇ ਸਨ, ਜਿਨ੍ਹਾਂ ‘ਚ ਅਮਰੀਕੀ ਹਿਰਾਸਤ ਵਿਚ ਪ੍ਰਵਾਸੀਆਂ ਦੇ ਅਧਿਆਤਮਿਕ ਅਧਿਕਾਰ, ਵੈਨੇਜ਼ੁਏਲਾ ਦੇ ਤੱਟ ‘ਤੇ ਸ਼ੱਕੀ ਡਰੱਗ ਤਸਕਰਾਂ ‘ਤੇ ਅਮਰੀਕੀ ਸੈਨਾ ਦੇ ਹਮਲੇ ਤੇ ਮੱਧ ਪੂਰਬ ‘ਚ ਜੰਗਬੰਦੀ ਜਿਹੇ ਸਵਾਲ ਸ਼ਾਮਲ ਸਨ। ਲਿਓ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਧਰਮ ਗ੍ਰੰਥ ਉਸ ਸਵਾਲ ‘ਤੇ ਜ਼ੋਰ ਦਿੰਦੇ ਹਨ ਕਿ ਜੋ ਦੁਨੀਆਂ ਦੇ ਅੰਤ ਸਮੇਂ ਪੁੱਛਿਆ ਜਾਵੇਗਾ: ”ਤੁਸੀਂ ਉਸ ਵਿਦੇਸ਼ੀ ਦਾ ਸਵਾਗਤ ਕਿਸ ਤਰ੍ਹਾਂ ਕੀਤਾ। ਕੀ ਤੁਸੀਂ ਉਸ ਦਾ ਸਵਾਗਤ ਕੀਤਾ ਜਾਂ ਨਹੀ? ਮੈਨੂੰ ਲੱਗਦਾ ਹੈ ਕਿ ਜੋ ਕੁਝ ਹੋ ਰਿਹਾ ਹੈ, ਉਸ ‘ਤੇ ਵਿਚਾਰ ਚਰਚਾ ਦੀ ਲੋੜ ਹੈ।”
ਪੋਪ ਨੇ ਅਮਰੀਕਾ ‘ਚ ਹਿਰਾਸਤ ‘ਚ ਲਏ ਗਏ ਪ੍ਰਵਾਸੀਆਂ ਨਾਲ ਵਿਹਾਰ ‘ਤੇ ਚਿੰਤਾ ਜਤਾਈ

