ਵਾਸ਼ਿੰਗਟਨ, 17 ਜੁਲਾਈ (ਪੰਜਾਬ ਮੇਲ)- ਪੈਨਸਿਲਵੇਨੀਆ ‘ਚ ਸ਼ਨੀਵਾਰ ਸ਼ਾਮ ਨੂੰ ਅਚਾਨਕ ਆਏ ਹੜ੍ਹ ਕਾਰਨ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਅਜੇ ਵੀ ਲਾਪਤਾ ਹਨ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਅਪਰ ਮੇਕਫੀਲਡ ਟਾਊਨਸ਼ਿਪ ਪੁਲਿਸ ਡਿਪਾਰਟਮੈਂਟ ਨੇ ਫੇਸਬੁੱਕ ‘ਤੇ ਕਿਹਾ ਕਿ ”ਅਚਾਨਕ ਆਏ ਹੜ੍ਹ ਨੇ ਬਹੁਤ ਸਾਰੇ ਵਾਹਨ ਚਾਲਕਾਂ ਨੂੰ ਹੈਰਾਨ ਕਰ ਦਿੱਤਾ ਅਤੇ ਬਹੁਤ ਸਾਰੇ ਚਾਲਕ ਫਸੇ ਹੋਏ ਹਨ।” ਇਹ ਸ਼ਹਿਰ ਫਿਲਾਡੇਲਫੀਆ ਤੋਂ ਲਗਭਗ 56 ਕਿਲੋਮੀਟਰ ਉੱਤਰ-ਪੂਰਬ ਵਿਚ ਸਥਿਤ ਹੈ।
ਸਥਾਨਕ ਪੁਲਿਸ ਵਿਭਾਗ ਨੇ ਕਿਹਾ ਕਿ ਇਹ ਇਲਾਕਾ ਮੋਹਲੇਧਾਰ ਬਾਰਸ਼ ਨਾਲ ਪ੍ਰਭਾਵਿਤ ਹੋਇਆ ਹੈ, ਜਿਸ ਕਾਰਨ ਟਾਊਨਸ਼ਿਪ ਦੇ ਕਈ ਇਲਾਕਿਆਂ ਵਿਚ ਹੜ੍ਹ ਆ ਗਿਆ ਹੈ। ਵਿਭਾਗ ਨੇ ਕਿਹਾ ਕਿ ”ਰਾਹਤ ਅਤੇ ਬਚਾਅ ਟੀਮਾਂ ਲੋਕਾਂ ਨੂੰ ਬਚਾਉਣ ਲਈ ਸਵੇਰ ਤੋਂ ਹੀ ਅਣਥੱਕ ਮਿਹਨਤ ਕਰ ਰਹੀਆਂ ਹਨ।” ਵਿਭਾਗ ਨੇ ਐਤਵਾਰ ਸਵੇਰੇ ਐਲਾਨ ਕੀਤਾ ਕਿ ਹੜ੍ਹ ਵਿਚ ਰੁੜੇ ਤਿੰਨ ਲੋਕ ਮ੍ਰਿਤਕ ਪਾਏ ਗਏ। ਬਾਅਦ ਵਿਚ ਚੌਥੀ ਅਤੇ ਪੰਜਵੀਂ ਮੌਤ ਦੀ ਪੁਸ਼ਟੀ ਹੋਈ। ਮਰਨ ਵਾਲਿਆਂ ਵਿਚ ਦੋ ਬੱਚੇ ਵੀ ਸ਼ਾਮਲ ਹਨ। ਅਧਿਕਾਰੀਆਂ ਮੁਤਾਬਕ ਹੜ੍ਹ ‘ਚ ਮਰਨ ਵਾਲੇ ਪੰਜ ਲੋਕਾਂ ‘ਚ ਦੋ ਲਾਪਤਾ ਬੱਚਿਆਂ ਦੀ ਮਾਂ ਵੀ ਸ਼ਾਮਲ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਦੱਖਣੀ ਕੈਰੋਲੀਨਾ ਦਾ ਰਹਿਣ ਵਾਲਾ ਇਹ ਪਰਿਵਾਰ ਇਲਾਕੇ ਵਿਚ ਰਿਸ਼ਤੇਦਾਰਾਂ ਨੂੰ ਮਿਲਣ ਗਿਆ ਹੋਇਆ ਸੀ। ਉਹ ਬਾਰਬੇਕਿਊ ਲਈ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਗੱਡੀ ਅਚਾਨਕ ਆਏ ਹੜ੍ਹ ਵਿਚ ਫਸ ਗਈ। ਔਰਤ ਦਾ ਪਤੀ ਅਤੇ ਚਾਰ ਸਾਲਾ ਬੇਟਾ ਭੱਜਣ ਵਿਚ ਕਾਮਯਾਬ ਹੋ ਗਏ। ਪਰਿਵਾਰ ਦੀ ਦਾਦੀ ਵੀ ਬਚ ਗਈ ਅਤੇ ਉਨ੍ਹਾਂ ਦਾ ਸਥਾਨਕ ਹਸਪਤਾਲ ਵਿਚ ਇਲਾਜ ਕੀਤਾ ਗਿਆ। ਅਪਰ ਮੇਫੀਲਡ ਟਾਊਨਸ਼ਿਪ ਨੇ ਮੌਸਮ ਨਾਲ ਸਬੰਧਤ ਸਥਾਨਕ ਆਫ਼ਤ ਐਮਰਜੈਂਸੀ ਐਲਾਨੀ ਹੈ। ਸਥਾਨਕ ਅਧਿਕਾਰੀਆਂ ਨੇ ਲੋਕਾਂ ਨੂੰ ਹੜ੍ਹ ਕਾਰਨ ਘਰਾਂ ਜਾਂ ਕਾਰੋਬਾਰੀ ਜਾਇਦਾਦਾਂ ਨੂੰ ਹੋਏ ਨੁਕਸਾਨ ਦੀ ਰਿਪੋਰਟ ਕਰਨ ਲਈ ਕਿਹਾ ਹੈ।