ਵਾਸ਼ਿੰਗਟਨ, 27 ਜੁਲਾਈ (ਪੰਜਾਬ ਮੇਲ)- ਅਮਰੀਕਾ ਤੋਂ ਯੂਕ੍ਰੇਨ ਭੇਜੇ ਗਏ ਕਈ ਫੌਜੀ ਹਥਿਆਰ ਅਪਰਾਧੀਆਂ ਦੇ ਹੱਥ ਲੱਗ ਚੁੱਕੇ ਹਨ। ਇੰਨਾ ਹੀ ਨਹੀਂ ਹੁਣ ਇਹ ਹਥਿਆਰ ਯੂਕ੍ਰੇਨ ਦੀ ਬਲੈਕ ਮਾਰਕੀਟ ‘ਚ ਵੇਚੇ ਜਾ ਰਹੇ ਹਨ। ਇਸ ਦਾ ਖੁਲਾਸਾ ਸਭ ਤੋਂ ਪਹਿਲਾਂ ਇਸ ਸਾਲ ਦੇ ਸ਼ੁਰੂ ਵਿਚ ਅਮਰੀਕੀ ਖੋਜੀ ਪੱਤਰਕਾਰ ਸੀਮੋਰ ਹਰਸ਼ ਵੱਲੋਂ ਕੀਤਾ ਗਿਆ ਸੀ, ਜਿਸ ਨੇ ਦੱਸਿਆ ਸੀ ਕਿ ਪੱਛਮੀ ਦੇਸ਼ਾਂ ਨੂੰ ਪਤਾ ਹੈ ਕਿ ਉਸਨੇ ਯੂਕ੍ਰੇਨ ਨੂੰ ਜੋ ਹਥਿਆਰ ਸਪਲਾਈ ਕੀਤੇ ਸਨ, ਉਹ ਬਲੈਕ ਮਾਰਕੀਟ ਵਿਚ ਵੇਚੇ ਜਾ ਰਹੇ ਹਨ। ਹੁਣ ਅਮਰੀਕੀ ਰੱਖਿਆ ਮੰਤਰਾਲਾ ਪੈਂਟਾਗਨ ਨੇ ਵੀ ਬਲੈਕ ਮਾਰਕੀਟ ‘ਚ ਅਮਰੀਕੀ ਹਥਿਆਰਾਂ ਦੀ ਵਿਕਰੀ ਦੀ ਪੁਸ਼ਟੀ ਕੀਤੀ ਹੈ।
ਪੈਂਟਾਗਨ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਇਕ ਅਮਰੀਕੀ ਮਿਲਟਰੀ ਸਮਾਚਾਰ ਆਊਟਲੈੱਟ ਨੇ ਦਾਅਵਾ ਕੀਤਾ ਹੈ ਕਿ ਯੂਕ੍ਰੇਨੀ ਫੌਜਾਂ ਲਈ ਪੱਛਮੀ ਦੇਸ਼ਾਂ ਤੋਂ ਮਿਲੇ ਕੁਝ ਹਥਿਆਰ ਅਤੇ ਉਪਕਰਨਾਂ ਨੂੰ ਪਿਛਲੇ ਸਾਲ ਤਸਕਰਾਂ, ਅਪਰਾਧੀਆਂ ਅਤੇ ਵਾਲੰਟੀਅਰ ਫਾਈਟਰਾਂ ਨੇ ਚੋਰੀ ਕਰ ਲਿਆ ਸੀ। ਅਮਰੀਕਾ ਦੇ ਇਸ ਖੁਲਾਸੇ ਨੇ ਨਾਟੋ ਦੇਸ਼ਾਂ ਵਿਚ ਹਲਚਲ ਮਚਾ ਦਿੱਤੀ ਹੈ।ਆਊਟਲੈੱਟ ਨੇ ਪੈਂਟਾਗਨ ਦੇ ਇੰਸਪੈਕਟਰ ਜਨਰਲ (ਆਈ. ਜੀ.) ਦੀ ਰਿਪੋਰਟ ਦਾ ਹਵਾਲੇ ਨਾਲ ਯੂਕ੍ਰੇਨ ਵਿਚ ਅਮਰੀਕੀ ਹਥਿਆਰਾਂ ਦੀ ਤਸਕਰੀ ਦਾ ਖੁਲਾਸਾ ਕੀਤਾ ਹੈ। ਇੰਸਪੈਕਟਰ ਜਨਰਲ ਨੇ ਆਪਣੀ ਜਾਂਚ ਵਿਚ ਕਿਹਾ ਹੈ ਕਿ ਫਰਵਰੀ 2022 ਤੋਂ ਸਤੰਬਰ 2022 ਦਰਮਿਆਨ ਭੇਜੇ ਗਏ ਕੁੱਝ ਹਥਿਆਰ ਯੂਕ੍ਰੇਨੀ ਫ਼ੌਜ ਤੱਕ ਨਹੀਂ ਪੁੱਜੇ। ਪੈਂਟਾਗਨ ਵਿਚ ਡਿਫੈਂਸ ਪਾਲਿਸੀ ਦੇ ਸਾਬਕਾ ਅੰਡਰ ਸੈਕਰੇਟਰੀ ਨੇ ਕਿਹਾ ਹੈ ਕਿ ਅਮਰੀਕੀ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਉਹ ਖ਼ੁਦ ਯੂਕ੍ਰੇਨ ਵਿਚ ਮੋਰਚੇ ‘ਤੇ ਹਥਿਆਰਾਂ ਦੇ ਡਿਪੂ ਦੇ ਆਨਸਾਈਟ ਇੰਸਪੈਕਸ਼ਨ ਦਾ ਜ਼ਿੰਮਾ ਸੰਭਾਲੇਗੀ।