#PUNJAB

ਪੂਰੇ ਪਰਿਵਾਰ ਨੂੰ ਡੰਕੀ ਰਾਹੀਂ ਅਮਰੀਕਾ ਭੇਜਣ ਦੇ ਦੋਸ਼ ਹੇਠ ਏ.ਐੱਸ.ਆਈ. ਗ੍ਰਿਫ਼ਤਾਰ

ਲੁਧਿਆਣਾ, 22 ਜੁਲਾਈ (ਪੰਜਾਬ ਮੇਲ)- ਜ਼ਿਲ੍ਹੇ ਦੀ ਕ੍ਰਾਈਮ ਬਰਾਂਚ ਨੇ ਅਮਰੀਕਾ ‘ਚ ਵਰਕ ਪਰਮਿਟ ਦਿਵਾਉਣ ਦਾ ਝਾਂਸਾ ਦੇ ਕੇ ਪੂਰੇ ਪਰਿਵਾਰ ਨੂੰ ਡੰਕੀ ਰਸਤੇ ਰਾਹੀਂ ਅਮਰੀਕਾ ਭੇਜਣ ਦੇ ਦੋਸ਼ ਹੇਠ ਕਪੂਰਥਲਾ ਪੁਲਿਸ ਲਾਈਨ ਵਿਚ ਤਾਇਨਾਤ ਏ.ਐੱਸ.ਆਈ. ਸਰਬਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਮੁਲਾਜ਼ਮ ਲੋਕਾਂ ਨੂੰ ਠੱਗ ਟਰੈਵਲ ਏਜੰਟਾਂ ਤੋਂ ਬਚਣ ਲਈ ਜਾਗਰੂਕ ਕਰਦਾ ਸੀ ਪਰ ਉਸ ਨੇ ਆਪਣੇ ਟਰੈਵਲ ਏਜੰਟ ਭਰਾ ਲਈ ਇਹ ਸਾਰੀ ਸਾਜ਼ਿਸ਼ ਰਚੀ। ਇਸ ਮਾਮਲੇ ਵਿਚ ਟਰੈਵਲ ਏਜੰਟ ਦਲਜੀਤ ਸਿੰਘ ਅਤੇ ਜੈ ਜਗਤ ਜੋਸ਼ੀ ਹਾਲੇ ਫ਼ਰਾਰ ਹਨ।
ਪੀੜਤ ਆਕਾਸ਼ਵੀਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਕਾਨੂੰਨੀ ਤੌਰ ‘ਤੇ ਅਮਰੀਕਾ ਜਾਣਾ ਚਾਹੁੰਦਾ ਸੀ। ਜਦੋਂ ਉਹ ਸਰਬਜੀਤ, ਦਲਜੀਤ ਤੇ ਜੋਸ਼ੀ ਨੂੰ ਮਿਲਿਆ, ਤਾਂ ਉਨ੍ਹਾਂ ਉਸ ਨੂੰ ਵਰਕ ਪਰਮਿਟ ਦਿਵਾਉਣ ਦਾ ਲਾਲਚ ਦਿੱਤਾ। ਮੁਲਜ਼ਮਾਂ ਨੇ ਉਸ ਕੋਲੋਂ 90 ਲੱਖ ਰੁਪਏ ਲੈ ਕੇ ਅਮਰੀਕਾ ਭੇਜਣ ਦਾ ਵਾਅਦਾ ਕੀਤਾ। ਅਗਸਤ 2023 ਨੂੰ ਪੂਰੇ ਪਰਿਵਾਰ ਨੂੰ ਦੁਬਈ ਲਈ ਫਲਾਈਟ ਦਿੱਤੀ ਗਈ ਤੇ ਮਗਰੋਂ ਪਰਿਵਾਰ ਨੂੰ ਗੈਰ-ਕਾਨੂੰਨੀ ਤੌਰ ‘ਤੇ ਦੁਬਈ ਤੋਂ ਸਲਵਾਡੋਰ ਭੇਜ ਦਿੱਤਾ ਗਿਆ। ਅੱਧੇ ਰਸਤੇ ‘ਚ ਏਜੰਟਾਂ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕਿਹਾ ਕਿ ਜੇ ਉਨ੍ਹਾਂ ਨੂੰ ਹੋਰ 50 ਲੱਖ ਰੁਪਏ ਦਿੱਤੇ ਗਏ, ਤਾਂ ਉਹ ਉਨ੍ਹਾਂ ਨੂੰ ਅਮਰੀਕਾ ਭੇਜ ਦੇਣਗੇ ਨਹੀਂ ਤਾਂ ਉਨ੍ਹਾਂ ਨੂੰ ਵਾਪਸ ਜਾਣਾ ਪਵੇਗਾ। ਜਦੋਂ ਉਨ੍ਹਾਂ 50 ਲੱਖ ਰੁਪਏ ਦਿੱਤੇ ਤਾਂ ਆਕਾਸ਼ਵੀਰ ਦੇ ਪਰਿਵਾਰ ਨੂੰ ਮੈਕਸਿਕੋ ਸਰਹੱਦ ਤੋਂ ਗੈਰ-ਕਾਨੂੰਨੀ ਤੌਰ ‘ਤੇ ਅਮਰੀਕਾ ਵਿਚ ਦਾਖ਼ਲ ਹੋਣ ਲਈ ਮਜਬੂਰ ਕੀਤਾ ਗਿਆ। 10 ਸਤੰਬਰ 2023 ਨੂੰ ਅਮਰੀਕੀ ਸਰਹੱਦ ‘ਤੇ ਫੜੇ ਜਾਣ ਤੋਂ ਬਾਅਦ ਆਕਾਸ਼ਵੀਰ, ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਇੱਕ ਸਾਲ ਤੋਂ ਵੱਧ ਸਮੇਂ ਤੱਕ ਕਾਨੂੰਨੀ ਮਾਮਲੇ ਨਾਲ ਲੜਦਾ ਰਿਹਾ ਪਰ ਹੱਲ ਨਹੀਂ ਨਿਕਲਿਆ।
ਇਸ ਮਗਰੋਂ ਆਕਾਸ਼ਵੀਰ ਨੇ ਇਸ ਬਾਰੇ ਆਪਣੇ ਦੋਸਤ ਗੁਰਕਰਨ ਸਿੰਘ ਟੀਨਾ ਨੂੰ ਦੱਸਿਆ, ਜਿਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਪੂਰੀ ਜਾਂਚ ਤੋਂ ਬਾਅਦ ਮੁਲਜ਼ਮਾਂ ‘ਤੇ ਲਾਏ ਗਏ ਦੋਸ਼ ਸੱਚ ਨਿਕਲੇ। ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਏ.ਐੱਸ.ਆਈ. ਸਰਬਜੀਤ ਸਿੰਘ ਦੀ ਵੀ ਇਸ ਵਿਚ ਸ਼ਮੂਲੀਅਤ ਹੈ। ਕ੍ਰਾਈਮ ਬ੍ਰਾਂਚ ਦੀ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਕ੍ਰਾਈਮ ਬ੍ਰਾਂਚ ਦੇ ਇੰਚਾਰਜ ਇੰਸਪੈਕਟਰ ਬੇਅੰਤ ਜੁਨੇਜਾ ਨੇ ਦੱਸਿਆ ਕਿ ਮੁਲਜ਼ਮ ਸਰਬਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਤੋਂ ਪੁੱਛ-ਪੜਤਾਲ ਕਰਨ ਤੋਂ ਬਾਅਦ ਬਾਕੀ ਫ਼ਰਾਰ ਮੁਲਜ਼ਮਾਂ ਦਾ ਪਤਾ ਲਾਇਆ ਜਾ ਰਿਹਾ ਹੈ।