#EUROPE

ਪੂਤਿਨ ‘ਤੇ ਸ਼ਾਂਤੀ ਬਹਾਲੀ ‘ਚ ਵਿਘਨ ਪਾਉਣ ਦੇ ਦੋਸ਼

ਜ਼ੇਲੈਂਸਕੀ ਅਤੇ ਯੂਰਪੀਅਨ ਯੂਨੀਅਨ ਦੇ ਆਗੂਆਂ ਵੱਲੋਂ ਜੰਗ ਰੋਕਣ ਸਬੰਧੀ ਟਰੰਪ ਦੇ ਰੁਖ਼ ਦੀ ਹਮਾਇਤ
ਕੀਵ, 23 ਅਕਤੂਬਰ (ਪੰਜਾਬ ਮੇਲ)- ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਅਤੇ ਯੂਰਪੀਅਨ ਯੂਨੀਅਨ (ਈ.ਯੂ.) ਦੇ ਆਗੂਆਂ ਨੇ ਬੁੱਧਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ‘ਤੇ ਯੂਕਰੇਨ ਨਾਲ ਜੰਗ ਖਤਮ ਕਰਨ ਦੀਆਂ ਕੂਟਨੀਤਿਕ ਕੋਸ਼ਿਸ਼ਾਂ ‘ਚ ਦੇਰੀ ਕਰਨ ਦੋਸ਼ ਲਾਇਆ ਅਤੇ ਅਜਿਹੇ ਕਿਸੇ ਵੀ ਕਦਮ ਦਾ ਵਿਰੋਧ ਕੀਤਾ, ਜਿਸ ਵਿਚ ਸ਼ਾਂਤੀ ਬਹਾਲੀ ਬਦਲੇ ਕੀਵ ਨੂੰ ਰੂਸੀ ਸੁਰੱਖਿਆ ਬਲਾਂ ਵੱਲੋਂ ਕਬਜ਼ੇ ‘ਚ ਲਈ ਜ਼ਮੀਨ (ਰੂਸ ਨੂੰ) ਸੌਂਪਣ ਦੀ ਗੱਲ ਹੋਵੇ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਕਈ ਮੌਕਿਆਂ ‘ਤੇ ਇਹ ਸੁਝਾਅ (ਯੂਕਰੇਨ ਨੂੰ ਜ਼ਮੀਨ ਛੱਡਣ ਦਾ) ਦੇ ਚੁੱਕੇ ਹਨ।
ਯੂਰਪ ਦੇ 8 ਆਗੂਆਂ ਤੇ ਯੂਰਪੀਅਨ ਯੂਨੀਅਨ ਦੇ ਸੀਨੀਅਰ ਅਧਿਕਾਰੀਆਂ ਨੇ ਸਾਂਝੇ ਬਿਆਨ ‘ਚ ਕਿਹਾ ਕਿ ਉਹ ਕੀਵ ਦੀ ਜੰਗ ਜਿੱਤਣ ‘ਚ ਮਦਦ ਲਈ ਰੂਸ ਦੀਆਂ ਅਰਬਾਂ ਯੂਰੋ ਦੀਆਂ ਵਿਦੇਸ਼ਾਂ ‘ਚ ਜ਼ਬਤ ਸੰਪਤੀਆਂ ਦੀ ਵਰਤੋਂ ਕਰਨ ਦੀ ਯੋਜਨਾ ‘ਤੇ ਅੱਗੇ ਵਧਣ ਦਾ ਵਿਚਾਰ ਬਣਾ ਰਹੇ ਹਨ; ਹਾਲਾਂਕਿ ਅਜਿਹੇ ਕਦਮਾਂ ਦੀ ਵਾਜਬੀਅਤ ਅਤੇ ਸਿੱਟਿਆਂ ਨੂੰ ਲੈ ਕੇ ਖਦਸ਼ੇ ਹਨ। ਬਿਆਨ ਵਿਚ ਯੂਕਰੇਨ ‘ਚ ਟਰੰਪ ਦੀਆਂ ਸ਼ਾਂਤੀ ਬਹਾਲੀ ਕੋਸ਼ਿਸ਼ਾਂ ਲਈ ਪ੍ਰਤੀ ਸਮਰਥਨ ਪ੍ਰਗਟਾਇਆ ਗਿਆ ਹੈ। ਟਰੰਪ ਨੇ ਆਗਾਮੀ ਹਫ਼ਤਿਆਂ ਦੌਰਾਨ ਬੁਡਾਪੈਸਟ (ਹੰਗਰੀ) ਵਿਚ ਪੂਤਿਨ ਨੂੰ ਮਿਲਣਾ ਹੈ। ਬਿਆਨ ‘ਚ ਕਿਹਾ ਗਿਆ ਕਿ ਸਾਰੇ ਆਗੂ ਇਸ ਸਿਧਾਂਤ ਪ੍ਰਤੀ ਵਚਨਬੱਧ ਹਨ ਕਿ ”ਕੌਮਾਂਤਰੀ ਸਰਹੱਦਾਂ ਜ਼ੋਰ ਨਾਲ ਨਹੀਂ ਬਦਲੀਆਂ ਜਾਣੀਆਂ ਚਾਹੀਦੀਆਂ।” ਯਾਦ ਰਹੇ ਕਿ ਟਰੰਪ ਨੇ ਰੁਖ਼ ਬਦਲਦਿਆਂ ਪਿਛਲੇ ਮਹੀਨੇ ਕਿਹਾ ਸੀ ਕਿ ਯੂਕਰੇਨ ਨੂੰ ਜ਼ਮੀਨ ਛੱਡਣੀ ਪਵੇਗੀ।