ਸੈਕਰਾਮੈਂਟੋ, 11 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਭਾਰਤੀ ਮੂਲ ਦੀ ਪੂਜਾ ਸੇਠੀ ਨੇ ਡੈਮੋਕ੍ਰੇਟਿਕ ਉਮੀਦਵਾਰ ਵਜੋਂ ਟੈਕਸਾਸ ਸਦਨ ਲਈ ਡਿਸਟ੍ਰਿਕਟ 47 ਤੋਂ ਪ੍ਰਾਇਮਰੀ ਚੋਣ ਜਿੱਤ ਲਈ ਹੈ। ਉਸ ਨੇ ਯੂ.ਐੱਸ. ਆਰਮੀ ਵੈਟਰਨ ਜੋਸਫ ਕੋਪਸਰ ਨੂੰ ਹਰਾਇਆ। ਨਵੰਬਰ ਵਿਚ ਪੂਜਾ ਦਾ ਮੁਕਾਬਲਾ ਰਿਪਬਲੀਕਨ ਉਮੀਦਵਾਰ ਜੈਨੀਫਰ ਮੁਸ਼ਟੇਲਰ ਨਾਲ ਹੋਵੇਗਾ। ਸੇਠੀ ਨੂੰ 76% ਵੋਟਾਂ ਮਿਲੀਆਂ, ਜਦਕਿ ਕੋਪਸਰ ਕੇਵਲ 24% ਵੋਟਾਂ ਹੀ ਲਿਜਾ ਸਕਿਆ। ਕੋਪਸਰ ਨੇ ਪੂਜਾ ਦੇ ਭਾਰਤੀ ਹੋਣ ਦਾ ਮੁੱਦਾ ਉਭਾਰਿਆ ਸੀ, ਜੋ ਉਸ ਦੇ ਵਿਰੁੱਧ ਗਿਆ। ਜਿੱਤ ਤੋਂ ਬਾਅਦ ਸੇਠੀ ਨੇ ਆਪਣੇ ਹਮਾਇਤੀਆਂ ਤੇ ਵਾਲੰਟੀਅਰਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਕਾਰਨ ਉਸ ਦੀ ਚੋਣ ਮੁਹਿੰਮ ਨੂੰ ਬਲ ਮਿਲਿਆ। ਉਸ ਨੇ ਇੰਸਟਾਗ੍ਰਾਮ ਉਪਰ ਪਾਈ ਇਕ ਪੋਸਟ ਵਿਚ ਕਿਹਾ ਹੈ ਕਿ ਉਹ ਆਪਣੇ ਪਰਿਵਾਰ, ਕੁਸ਼ਲ ਟੀਮ, ਵਾਲੰਟੀਅਰਾਂ ਤੇ ਸਮਰਥਕਾਂ ਦੀ ਰਿਣੀ ਹੈ, ਜਿਨ੍ਹਾਂ ਦੀਆਂ ਅਣਥੱਕ ਕੋਸ਼ਿਸ਼ਾਂ ਨਾਲ ਉਸ ਦੀ ਜਿੱਤ ਹੋਈ ਹੈ।
ਪੂਜਾ ਸੇਠੀ ਨੇ ਡੈਮੋਕ੍ਰੇਟਿਕ ਉਮੀਦਵਾਰ ਵਜੋਂ ਪ੍ਰਾਇਮਰੀ ਚੋਣ ਜਿੱਤੀ

