ਜਲੰਧਰ, 23 ਜੁਲਾਈ (ਪੰਜਾਬ ਮੇਲ)- ਜਲੰਧਰ ਕਮਿਸ਼ਨਰੇਟ ਪੁਲਿਸ ਨੇ ਹਵਾਲਾ ਕਾਰੋਬਾਰ ‘ਚ ਸ਼ਾਮਲ ਗਰੋਹ ਦਾ ਪਰਦਾਫਾਸ਼ ਕਰ ਕੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮ ਕੋਲੋਂ 2,93,05,800 ਰੁਪਏ ਤੇ 3100 ਡਾਲਰ ਦੀ ਹਵਾਲਾ ਰਾਸ਼ੀ ਬਰਾਮਦ ਕੀਤੀ ਹੈ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਥਾਣਾ ਨਵੀਂ ਬਾਰਾਂਦਰੀ ਜਲੰਧਰ ਦੀ ਟੀਮ ਨੇ ਟੀ-ਪੁਆਇੰਟ ਬਸ਼ੀਰਪੁਰਾ ਜਲੰਧਰ ਨੇੜੇ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਪੁਲਿਸ ਨੂੰ ਭਰੋਸੇਯੋਗ ਸੂਤਰ ਤੋਂ ਸੂਚਨਾ ਮਿਲੀ ਸੀ ਕਿ ਕੁਝ ਅਪਰਾਧੀ ਸ਼ਹਿਰ ਵਿਚ ਨਾਜਾਇਜ਼ ਹਥਿਆਰ, ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦੀ ਵਿਕਰੀ ਕਰ ਰਹੇ ਹਨ। ਇਸ ਦੌਰਾਨ ਟੀਮ ਨੇ ਚੈਕਿੰਗ ਲਈ ਇੱਕ ਕਰੇਟਾ ਕਾਰ ਨੂੰ ਰੋਕ ਕੇ ਪੁਨੀਤ ਸੂਦ ਉਰਫ ਗਾਂਧੀ ਵਾਸੀ ਕੱਟੜਾ ਮੁਹੱਲਾ ਨੇੜੇ ਦੁਸਹਿਰਾ ਗਰਾਊਂਡ ਹੁਸ਼ਿਆਰਪੁਰ ਨੂੰ ਗ੍ਰਿਫ਼ਤਾਰ ਕੀਤਾ ਹੈ।