– ਭਾਰਤ ਨੇ ਪਹਿਲੀ ਵਾਰੀ ਪੁਲਾੜ ‘ਚ ਬੀਜੇ ਜ਼ਿੰਦਗੀ ਦੇ ਬੀਜ
-ਮਿਸ਼ਨ ਦੇ ਨਾਲ ਭੇਜਿਆ ਲੋਬੀਆ ਚਾਰ ਦਿਨਾਂ ‘ਚ ਫੁੱਟਿਆ; ਈਸਰੋ ਵੱਲੋਂ ਤਸਵੀਰ ਜਾਰੀ
ਨਵੀਂ ਦਿੱਲੀ, 6 ਜਨਵਰੀ (ਪੰਜਾਬ ਮੇਲ)- ਪੁਲਾੜ ‘ਚ ਜ਼ਿੰਦਗੀ ਦੀ ਸੰਭਾਵਨਾ ਤਲਾਸ਼ਣ ‘ਚ ਭਾਰਤ ਨੇ ਪਹਿਲੀ ਵਾਰ ਕਾਮਯਾਬੀ ਹਾਸਲ ਕੀਤੀ ਹੈ। ਇਸ ਲਈ ਭਾਰਤ ਨੇ ਸਪੈਡੈਕਸ- ਮਿਸ਼ਨ ਦੇ ਨਾਲ ਪੁਲਾੜ ‘ਚ ਲੋਬੀਆ ਦੇ ਬੀਜ ਭੇਜੇ ਸਨ। ਪੁਲਾੜ ‘ਚ ਇਸਰੋ ਦੇ ਲੈਬ ‘ਚ ਇਹ ਬੀਜ ਚਾਰ ਦਿਨਾਂ ‘ਚ ਫੁੱਟ ਗਏ ਹਨ। ਇਸ ਲੈਬ ਨੂੰ ਪੀ.ਐੱਸ.ਐੱਲ.ਵੀ. ਰਾਕੇਟ ਦੇ ਚੌਥੇ ਪੜਾਅ ਦਾ ਇਸਤੇਮਾਲ ਕਰਕੇ ਬਣਾਇਆ ਗਿਆ ਹੈ। ਇਸਰੋ ਨੇ ਇਨ੍ਹਾਂ ਦੀ ਤਸਵੀਰ ਜਾਰੀ ਕਰਕੇ ਇਸ ਉਪਲੱਬਧੀ ਨੂੰ ਸਾਂਝਾ ਕੀਤਾ। ਬੀਜਾਂ ਨੂੰ ਨਾ ਦੇ ਬਰਾਬਰ ਖਿੱਚਣ ਸ਼ਕਤੀ ਜਾਂ ਮਾਈਕ੍ਰੋਗ੍ਰੈਵਿਟੀ ਵਾਤਾਵਰਨ ‘ਚ ਬੀਜਿਆ ਗਿਆ ਹੈ। ਇਨ੍ਹਾਂ ‘ਤੇ ਛੇਤੀ ਪੱਤੀਆਂ ਆਉਣ ਦੀ ਉਮੀਦ ਹੈ।
ਪ੍ਰਯੋਗ ਲਈ ਲੋਬੀਆ ਦੇ ਬੀਜਾਂ ਨੂੰ ਇਸ ਲਈ ਚੁਣਿਆ ਗਿਆ ਕਿਉਂਕਿ ਇਹ ਤੇਜ਼ੀ ਨਾਲ ਫੁੱਟਦੇ ਹਨ। ਇਹ ਪ੍ਰਯੋਗ ਪੁਲਾੜ ‘ਚ ਫ਼ਸਲਾਂ ਉਗਾਉਣ ਲਈ ਮੀਲ ਦਾ ਪੱਥਰ ਹੈ। ਇਸਰੋ ਨੇ ਪੁਲਾੜ ਡਾਕਿੰਗ ਪ੍ਰਯੋਗ ਦੇ ਭੇਜ ਗਏ ਚੇਜਰ ਉਪਗ੍ਰਹਿ ਦਾ ਵੀ ਇਕ ਅਲੱਗ ਸੈਲਫੀ ਵੀਡੀਓ ਪੋਸਟ ਕੀਤਾ, ਜਿਹੜਾ 470 ਕਿਲੋਮੀਟਰ ਦੀ ਉਚਾਈ ‘ਤੇ ਧਰਤੀ ਦੀ ਪਰਿਕ੍ਰਮਾ ਕਰ ਰਿਹਾ ਹੈ।
ਇਸਰੋ ਨੇ ਸ਼ਨਿਚਰਵਾਰ ਨੂੰ ਐਕਸ ‘ਤੇ ਪੋਸਟ ਕੀਤਾ, ਪੁਲਾੜ ‘ਚ ਜੀਵਨ ਦਾ ਫੁੱਟਣਾ! ਪੀ.ਐੱਸ.ਐੱਲ.ਵੀ. ਆਰਬਿਟਲ ਐਕਸਪੈਰਿਮੈਂਟਲ ਜਾਂ ਪੀ.ਓ.ਈ.ਐੱਮ.-4 ਦੇ ਤਹਿਤ ਪੁਲਾੜ ‘ਚ ਭੇਜੇ ਗਏ ਲੋਬੀਆ ਦੇ ਬੀਜ ਸਪੈਡੈਕਸ-ਪੀ.ਐੱਸ.ਐੱਲ.ਵੀ.-ਸੀ 60 ਮਿਸ਼ਨ ਨੂੰ ਲਾਂਚ ਕਰਨ ਦੇ ਚਾਰ ਦਿਨਾਂ ਦੇ ਅੰਦਰ ਫੁੱਟ ਗਏ ਹਨ। ਛੇਤੀ ਹੀ ਪੱਤੀਆਂ ਨਿਕਲਣ ਦੀ ਉਮੀਦ ਹੈ। ਇਸਰੋ ਨੇ ਵਿਕਰਮਭਾਈ ਪੁਲਾੜ ਕੇਂਦਰ ਦੇ ਕੰਪੈਕਟ ਰਿਸਰਚ ਮਾਡਿਊਲ ਫਾਰ ਆਰਬਿਟਲ ਪਲਾਂਟ ਸਟਡੀਜ਼ (ਕ੍ਰਾਪਸ) ਪ੍ਰਯੋਗ ਲਈ ਅੱਠ ਲੋਬੀਆ ਦੇ ਬੀਜ ਭੇਜੇ ਸਨ।
ਜ਼ਿਕਰਯੋਗ ਹੈ ਕਿ ਸਪੈਡੈਕਸ ਮਿਸ਼ਨ ਦੇ ਤਹਿਤ ਪੀ.ਐੱਸ.ਐੱਲ.ਵੀ.-ਸੀ60 ਰਾਕੇਟ ਨੇ 30 ਦਸੰਬਰ ਦੀ ਰਾਤ ਨੂੰ ਦੋ ਪੁਲਾੜ ਯਾਨਾਂ ਨੂੰ ਪੰਧ ‘ਚ ਸਥਾਪਤ ਕੀਤਾ। ਇਸ ਮਿਸ਼ਨ ਦੇ ਤਹਿਤ ਭਾਰਤ ਪੁਲਾੜ ਯਾਨ ਨੂੰ ‘ਡਾਕ’ ਤੇ ‘ਅਨਡਾਕ’ ਕਰਨ ਦੀ ਸਮਰੱਥਾ ਨੂੰ ਪ੍ਰਦਰਸ਼ਿਤ ਕਰੇਗਾ। ਉਮੀਦ ਹੈ ਕਿ ਡਾਕਿੰਗ ਪ੍ਰਕਿਰਿਆ ਸੱਤ ਜਨਵਰੀ ਨੂੰ ਪੂਰੀ ਹੋ ਜਾਏਗੀ। ਇਸ ਸਫਲਤਾ ਦੇ ਨਾਲ ਹੀ ਭਾਰਤ ਅਮਰੀਕਾ, ਰੂਸ ਤੇ ਚੀਨ ਤੋਂ ਬਾਅਦ ਪੁਲਾੜ ਡਾਕਿੰਗ ਟੈਕਨਾਲੋਜੀ ‘ਚ ਸਮਰੱਥ ਦੁਨੀਆ ਦਾ ਚੌਥਾ ਦੇਸ਼ ਬਣ ਜਾਏਗਾ। ਇਕ ਪੁਲਾੜ ਯਾਨ ਤੋਂ ਦੂਜੇ ਪੁਲਾੜ ਯਾਨ ਦੇ ਜੁੜਨ ਨੂੰ ਡਾਕਿੰਗ ਤੇ ਪੁਲਾੜ ‘ਚ ਜੁੜੇ ਦੋ ਯਾਨਾਂ ਦੇ ਵੱਖ ਹੋਣ ਨੂੰ ਅਨਡਾਕਿੰਗ ਕਹਿੰਦੇ ਹਨ। ਇਹ ਟੈਕਨਾਲੋਜੀ ਭਾਰਤ ਦੇ ਖਾਹਸ਼ੀ ਮਿਸ਼ਨਾਂ ਜਿਵੇਂ ਚੰਨ ਤੋਂ ਨਮੂਨੇ ਵਾਪਸ ਲਿਆਉਣ, ਭਾਰਤੀ ਪੁਲਾੜ ਕੇਂਦਰ ਦੇ ਨਿਰਮਾਣ ਲਈ ਮਹੱਤਵਪੂਰਣ ਹੈ।
ਕ੍ਰਾਪਸ ਪ੍ਰਯੋਗ ਦਾ ਮਕਸਦ ਨਾ ਦੇ ਬਰਾਬਰ ਖਿੱਚਣ ਸ਼ਕਤੀ ਜਾਂ ਮਾਈਕ੍ਰੋਗ੍ਰੈਵਿਟੀ ਵਾਲੀਆਂ ਸਥਿਤੀਆਂ ‘ਚ ਬੂਟਿਆਂ ਦੇ ਵਿਕਾਸ ਦਾ ਅਧਿਐਨ ਕਰਨਾ ਹੈ। ਪ੍ਰਯੋਗ ਦੇ ਜ਼ਰੀਏ ਵਿਗਿਆਨੀ ਸਮਝਣ ਦੀ ਕੋਸ਼ਿਸ਼ ਕਰਨਗੇ ਕਿ ਪੁਲਾੜ ਦੀਆਂ ਸਥਿਤੀਆਂ ‘ਚ ਬੂਟੇ ਕਿਵੇਂ ਵਧਦੇ ਹਨ। ਭਵਿੱਖ ਦੇ ਲੰਬੇ ਸਮੇਂ ਦੀਆਂ ਪੁਲਾੜ ਮੁਹਿੰਮਾਂ ਲਈ ਇਹ ਜ਼ਰੂਰੀ ਹੈ। ਇਨ੍ਹਾਂ ਪ੍ਰਯੋਗਾਂ ‘ਚ ਨਿਯੰਤ੍ਰਿਤ ਵਾਤਾਵਰਣ ‘ਚ ਲੋਬੀਆ ਦੇ ਅੱਠ ਬੀਜ ਉਗਾਉਣਾ ਸ਼ਾਮਲ ਹੈ।