#PUNJAB

ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈਕੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਅੱਗੇ ਪਹੁੰਚੇ ਮੁਲਾਜ਼ਮਾਂ ਦੀ ਖਿੱਚ ਧੂਅ; ਪੁਲਿਸ ਅਤੇ ਮੁਲਾਜ਼ਮਾਂ ਦੀ ਵਿਚਕਾਰ ਧੱਕਾਮੁੱਕੀ 

~ ਕੈਬਨਿਟ ਸਬ ਕਮੇਟੀ ਨਾਲ 28 ਫਰਵਰੀ ਦੀ ਮੀਟਿੰਗ ਹੋਈ ਤੈਅ ਕਰਵਾਉਣ ਤੋਂ ਬਾਅਦ ਸ਼ਾਂਤ ਹੋਏ ਮੁਲਾਜ਼ਮ
~ ਪੁਰਾਣੀ ਪੈਨਸ਼ਨ ਬਹਾਲੀ ਲਈ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿੱਚ ਮੁਲਾਜ਼ਮਾਂ ਦਾ ਹੋਇਆ ਰਿਕਾਰਡ ਇਕੱਠ
~ “ਪੁਰਾਣੀ ਪੈਨਸ਼ਨ ਬਹਾਲ ਕਰੋ” ਦੀ ਮੰਗ ਨਾਲ਼ ਗੂੰਜਿਆ ਸੰਗਰੂਰ ਸ਼ਹਿਰ
~ਮੁੱਖ ਮੰਤਰੀ ਦੀ ਰਿਹਾਇਸ ਤੱਕ ਹਜ਼ਾਰਾਂ ਐੱਨ.ਪੀ.ਐੱਸ ਮੁਲਾਜ਼ਮਾਂ ਨੇ ਕੀਤਾ ਰੋਹ ਭਰਪੂਰ ਮਾਰਚ
ਸੰਗਰੂਰ, 25 ਫਰਵਰੀ (ਦਲਜੀਤ ਕੌਰ/ਪੰਜਾਬ ਮੇਲ)- ਪੰਜਾਬ ਦੇ ਵੱਖ ਵੱਖ ਸਰਕਾਰੀ ਅਤੇ ਅਰਧ ਸਰਕਾਰੀ ਵਿਭਾਗਾਂ ਵਿੱਚ ਜਨਵਰੀ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਲਈ ਪੈਨਸ਼ਨ ਬਹਾਲੀ ਲਈ ਪੰਜਾਬ ਵਿੱਚ ਪਿਛਲੇ ਕਾਫੀ ਸਮੇਂ ਤੋਂ  ਸੰਘਰਸ਼ ਕਰ ਰਹੀਆਂ ਤਿੰਨ ਮੁਲਾਜ਼ਮ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ‘ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੋਰਚਾ’ ਪੰਜਾਬ ਦੇ ਸੂਬਾਈ  ਕਨਵੀਨਰ ਜਸਵੀਰ ਤਲਵਾੜਾ, ਗੁਰਜੰਟ ਸਿੰਘ ਕੋਕਰੀ ਤੇ ਅਤਿੰਦਰਪਾਲ ਸਿੰਘ ਘੱਗਾ ਦੀ ਅਗਵਾਈ ਹੇਠ ਮੁੱਖ ਮੰਤਰੀ ਪੰਜਾਬ  ਦੀ ਰਿਹਾਇਸ਼ ਨੇੜੇ ਰੋਹ ਭਰਪੂਰ ਰੈਲੀ ਕਰਕੇ ਪੰਜਾਬ ਸਰਕਾਰ ਦੇ ਖਿਲਾਫ ਤਿੱਖੀ ਨਾਅਰੇਬਾਜ਼ੀ ਕੀਤੀ। ਇਸ ਰੈਲੀ ਵਿੱਚ ਪੰਜਾਬ ਦੇ ਕੋਨੇ ਕੋਨੇ ਤੋਂ ਆਏ ਹਜ਼ਾਰਾਂ ਮੁਲਾਜ਼ਮਾਂ ਨੇ ਝੰਡੇ ਅਤੇ ਮੰਗਾਂ ਦੀਆਂ ਤਖਤੀਆਂ ਚੁੱਕ ਕੇ ਸ਼ਮੂਲੀਅਤ  ਕੀਤੀ। ਪੁਲਿਸ ਵੱਲੋਂ ਕਾਫੀ ਵੱਡੇ ਪੱਧਰ ਤੇ ਰੋਕਾਂ ਲਾਈ ਗਈਆਂ ਸਨ। ਕਾਫੀ ਦੇਰ ਬੈਰੀਕੇਡ ਤੇ ਮੁਲਾਜ਼ਮਾਂ ਨਾਲ ਧੱਕਾ ਮੁੱਕੀ ਹੁਣ ਉਪਰੰਤ ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਆਗੂਆਂ ਦੀ ਕੈਬਨਿਟ ਸਬ ਕਮੇਟੀ ਨਾਲ 28 ਫਰਵਰੀ ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਕਰਵਾਉਣ ਦਾ ਲਿਖਤੀ ਸੱਦਾ ਪੱਤਰ ਸੌਂਪਿਆ ਗਿਆ।
ਆਗੂਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ 28 ਫਰਵਰੀ ਨੂੰ ਹੋਣ ਵਾਲੀ ਕੈਬਨਟ ਸਬ ਕਮੇਟੀ ਦੀ ਮੀਟਿੰਗ ਵਿੱਚ ਇਸ ਮਸਲੇ ਦਾ ਸਾਰਥਕ ਹੱਲ ਨਾ ਕੀਤਾ ਗਿਆ ਤਾਂ ਪੰਜਾਬ ਵਿਧਾਨ ਸਭਾ ਦੇ ਬਾਲ ਸੈਸ਼ਨ ਦੌਰਾਨ ਪੰਜਾਬ ਮੁਲਾਜ਼ਮ ਤੇ ਪੈਨਸ਼ਨ ਸਾਂਝਾ ਫਰੰਟ ਵੱਲੋਂ ਮਿਤੀ ਮਾਰਚ  ਨੂੰ ਮੋਹਾਲੀ ਵਿਖੇ ਕੀਤੇ ਜਾਣ ਵਾਲੇ ਐਕਸ਼ਨ ਅਤੇ ਪੰਜਾਬ ਵਿਧਾਨ ਸਭਾ ਵੱਲ 4 ਮਾਰਚ ਨੂੰ ਰੋਸ ਮਾਰਚ ਕਰਨ ਦੇ ਐਕਸ਼ਨ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੋਰਚਾ ਪੰਜਾਬ ਵੱਲੋਂ ਭਰਵੀ ਸ਼ਮੂਲੀਅਤ ਕੀਤੀ ਜਾਵੇਗੀ। ਆਗੂਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਅੱਗੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਪੁਰਾਣੇ ਪੈਨਸ਼ਨ ਸਕੀਮ ਲਾਗੂ ਕਰਨ ਵਿੱਚ ਹੋਰ ਟਾਰਮਟੋਲ ਕੀਤੀ ਗਈ ਤਾਂ ਪੰਜਾਬ ਦੇ ਮੁਲਾਜ਼ਮ ਨੂੰ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜਬੂਰ ਹੋਣਗੇ।