-ਵੋਟਾਂ ਲਈ ਤਿਆਰੀਆਂ ਸ਼ੁਰੂ
ਚੰਡੀਗੜ੍ਹ, 20 ਜਨਵਰੀ (ਪੰਜਾਬ ਮੇਲ)- ਪੰਜਾਬ ਯੂਨੀਵਰਸਿਟੀ ਨੇ ਗਵਰਨਿੰਗ ਬਾਡੀ ਸੈਨੇਟ ਚੋਣਾਂ-2026 ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ, ਜਿਸ ਤਹਿਤ ਰਜਿਸਟਰਡ ਗ੍ਰੈਜੂਏਟ ਕਾਂਸਟੀਚੁਐਂਸੀ ਤੋਂ 15 ਸਾਧਾਰਨ ਫੈਲੋਜ਼ ਦੀ ਚੋਣ ਲਈ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਯੂਨੀਵਰਸਿਟੀ ਪ੍ਰਸ਼ਾਸਨ ਮੁਤਾਬਕ ਵੋਟਿੰਗ 20 ਸਤੰਬਰ ਨੂੰ ਕਰਵਾਈ ਜਾਵੇਗੀ। ਜ਼ਿਕਰਯੋਗ ਹੈ ਕਿ ਇਨ੍ਹਾਂ ਸੈਨੇਟ ਚੋਣਾਂ ਲਈ ਤਰੀਕ ਤੇ ਨੋਟੀਫਿਕੇਸ਼ਨ ਭਾਵੇਂ ਪਹਿਲਾਂ ਐਲਾਨ ਦਿੱਤਾ ਗਿਆ ਸੀ ਪਰ ਪੰਜਾਬ ਯੂਨੀਵਰਸਿਟੀ ਨੇ ਅੱਜ ਸ਼ਡਿਊਲ ਜਾਰੀ ਕੀਤਾ ਹੈ। ਇਨ੍ਹਾਂ ਚੋਣਾਂ ਲਈ ਵਿਦਿਆਰਥੀਆਂ ਤੇ ਰਾਜਸੀ ਧਿਰਾਂ ਨੇ ਵੱਡਾ ਸੰਘਰਸ਼ ਕੀਤਾ ਸੀ।
‘ਵਰਸਿਟੀ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਰਜਿਸਟਰਡ ਗ੍ਰੈਜੂਏਟ ਵਜੋਂ ਨਵੀਂ ਨਾਮਜ਼ਦਗੀ ਲਈ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 23 ਫਰਵਰੀ ਤੈਅ ਕੀਤੀ ਗਈ ਹੈ। ਇਸ ਲਈ 15 ਰੁਪਏ ਦੀ ਨਿਰਧਾਰਤ ਫੀਸ ਜਮ੍ਹਾਂ ਕਰਵਾਉਣੀ ਲਾਜ਼ਮੀ ਹੋਵੇਗੀ। ਅਰਜ਼ੀ ਨਿਰਧਾਰਿਤ ਤਰੀਕ ਤੱਕ ਰਜਿਸਟਰਾਰ ਦਫ਼ਤਰ ਵਿਚ ਪਹੁੰਚ ਜਾਣੀ ਚਾਹੀਦੀ ਹੈ। ਵੋਟਰ ਬਣਨ ਦੇ ਇੱਛੁਕ ਪੁਰਾਣੇ ਰਜਿਸਟਰਡ ਗ੍ਰੈਜੂਏਟ, ਜਿਨ੍ਹਾਂ ਉੱਤੇ ਕੋਈ ਬਕਾਇਆ ਰਕਮ ਹੈ, ਉਹ 23 ਫਰਵਰੀ ਤੱਕ ਆਪਣੀ ਬਕਾਇਆ ਰਕਮ ਅਦਾ ਕਰਨਗੇ। ਡਿਫਾਲਟਰ ਰਜਿਸਟਰਡ ਗ੍ਰੈਜੂਏਟਸ ਦੀ ਸੂਚੀ ਜਲਦੀ ਹੀ ਪੰਜਾਬ ਯੂਨੀਵਰਸਿਟੀ ਦੀ ਵੈੱਬਸਾਈਟ ਅਤੇ ਸਹਾਇਕ ਰਜਿਸਟਰਾਰ, ਚੋਣ ਦਫ਼ਤਰ ਵਿਚ ਮੁਹੱਈਆ ਕਰਵਾ ਦਿੱਤੀ ਜਾਵੇਗੀ।
ਯੂਨੀਵਰਸਿਟੀ ਅਨੁਸਾਰ ਰਜਿਸਟਰਡ ਗ੍ਰੈਜੂਏਟਸ ਦੀ ਸਪਲੀਮੈਂਟਰੀ ਸੂਚੀ 24 ਮਾਰਚ ਨੂੰ ਪ੍ਰਕਾਸ਼ਤ ਕੀਤੀ ਜਾਵੇਗੀ।
ਪੀ.ਯੂ. ਸੈਨੇਟ ਚੋਣਾਂ: ਗ੍ਰੈਜੂਏਟ ਕਾਂਸਟੀਚੁਐਂਸੀ ਲਈ ਸ਼ਡਿਊਲ ਜਾਰੀ; ਵੋਟਾਂ 20 ਸਤੰਬਰ ਨੂੰ

