#CANADA

ਪੀਲ ਪੁਲਿਸ ਵੱਲੋਂ ਫਿਰੌਤੀਆਂ ਦੇ ਦੋਸ਼ ਹੇਠ ਇਕ ਕਾਬੂ ਤੇ ਇਕ ਹੋਰ ਦੀ ਭਾਲ ਜਾਰੀ

-ਪੁਲਿਸ ਨੇ ਨੋਟਿਸ ਜਾਰੀ ਕਰ ਕੇ ਮੁਲਜ਼ਮ ਨੂੰ ਫੜਾਉਣ ‘ਚ ਲੋਕਾਂ ਤੋਂ ਮੰਗੀ ਮਦਦ
ਵੈਨਕੂਵਰ, 11 ਜੁਲਾਈ (ਪੰਜਾਬ ਮੇਲ)-ਪਿਛਲੇ ਹਫ਼ਤੇ ਪੀਲ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਫਿਰੌਤੀਆਂ ਮੰਗਣ ਵਾਲੇ ਗਿਰੋਹ ਦੇ ਕੁਝ ਮੈਂਬਰਾਂ ਦੇ ਇਕ ਹੋਰ ਸਾਥੀ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ, ਜਦਕਿ ਇਕ ਹੋਰ ਮੁਲਜ਼ਮ ਦੀ ਭਾਲ ਵਿਚ ਦੇਸ਼ਿਵਆਪੀ ਨੋਟਿਸ ਜਾਰੀ ਕੀਤਾ ਗਿਆ ਹੈ। ਕਾਬੂ ਕੀਤੇ ਗਏ ਮੁਲਜ਼ਮ ਦੀ ਪਛਾਣ ਟੋਰਾਂਟੋ ਦੇ ਰਹਿਣ ਵਾਲੇ ਜਸਕਰਨ ਸਿੰਘ (30) ਵਜੋਂ ਹੋਈ ਹੈ। ਉਸ ਵਿਰੁੱਧ 17 ਦੋਸ਼ ਲੱਗੇ ਹਨ। ਉਹ ਅਜਿਹੇ ਹੋਰ ਮਾਮਲਿਆਂ ਵਿਚ ਪਹਿਲਾਂ ਤੋਂ ਜ਼ਮਾਨਤ ‘ਤੇ ਸੀ। ਇਕ ਹੋਰ ਮੁਲਜ਼ਮ ਜਗਮੋਹਨਜੀਤ ਝੀਤੇ (47) ਵਾਸੀ ਸਸਕੈਚਵਨ ਦੀ ਗ੍ਰਿਫ਼ਤਾਰੀ ਲਈ ਪੁਲਿਸ ਨੇ ਅਦਾਲਤ ਰਾਹੀਂ ਕੈਨੇਡਾ ਭਰ ‘ਚ ਵਾਰੰਟ ਜਾਰੀ ਕਰਵਾਏ ਹਨ। ਪੁਲਿਸ ਦਾ ਮੰਨਣਾ ਹੈ ਕਿ ਇਹ ਵਿਅਕਤੀ ਹੁਣ ਪੀਲ ਖੇਤਰ ਵਿਚ ਛੁਪ ਕੇ ਰਹਿ ਰਿਹਾ ਹੈ। ਪੁਲਿਸ ਨੇ ਉਸ ਦੀ ਤਸਵੀਰ ਜਾਰੀ ਕਰਕੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮੁਲਜ਼ਮ ਨੂੰ ਫੜਾਉਣ ਵਿਚ ਪੁਲਿਸ ਦੀ ਮਦਦ ਕੀਤੀ ਜਾਵੇ। ਪੁਲਿਸ ਅਨੁਸਾਰ ਝੀਤੇ ਵੀ ਪਹਿਲਾਂ ਕਈ ਮਾਮਲਿਆਂ ਵਿਚ ਜ਼ਮਾਨਤ ‘ਤੇ ਛੁਟ ਕੇ ਫਿਰ ਉਹੀ ਅਪਰਾਧ ਕਰਨ ਵਿਚ ਲੱਗਾ ਹੋਇਆ ਹੈ।
ਜ਼ਿਕਰਯੋਗ ਹੈ ਕਿ ਜ਼ਮਾਨਤ ਸਬੰਧੀ ਕੈਨੇਡਾ ਦੇ ਕਾਨੂੰਨ ਨਰਮ ਹੋਣ ਕਰ ਕੇ ਪੇਸ਼ੇਵਰ ਅਪਰਾਧੀ ਜ਼ਮਾਨਤ ‘ਤੇ ਛੁਟ ਕੇ ਸ਼ਰਤਾਂ ਦੀ ਉਲੰਘਣਾ ਕਰਦਿਆਂ ਹੋਰ ਅਪਰਾਧ ਕਰਨ ਤੋਂ ਗੁਰੇਜ਼ ਨਹੀਂ ਕਰਦੇ ਹਨ। ਲੋਕਾਂ ਵੱਲੋਂ ਕਈ ਸਾਲਾਂ ਤੋਂ ਸਰਕਾਰ ਕੋਲੋਂ ਮੰਗ ਕੀਤੀ ਜਾ ਰਹੀ ਹੈ ਕਿ ਅਪਰਾਧੀਆਂ ਦੀ ਜ਼ਮਾਨਤ ਸਬੰਧੀ ਨਿਯਮ ਸਖ਼ਤ ਕੀਤੇ ਜਾਣ। ਸੰਸਦ ਵਿਚ ਵੀ ਇਸ ਮੁੱਦੇ ‘ਤੇ ਚਰਚਾ ਹੋ ਚੁੱਕੀ ਹੈ ਅਤੇ ਇਸ ਦੇ ਬਦਲ ਲੱਭੇ ਜਾ ਰਹੇ ਹਨ।