ਨਵੀਂ ਦਿੱਲੀ, 19 ਨਵੰਬਰ (ਪੰਜਾਬ ਮੇਲ)- ਪਿਛਲੇ 15 ਸਾਲਾਂ ਵਿਚ ਪਹਿਲੀ ਵਾਰ ਭਾਰਤ ਸਭ ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਅਮਰੀਕਾ ਭੇਜਣ ਵਾਲਾ ਦੇਸ਼ ਬਣ ਕੇ ਉਭਰਿਆ ਹੈ। ਸੋਮਵਾਰ ਨੂੰ ਜਾਰੀ ਕੀਤੀ ਗਈ ‘ਓਪਨ ਡੋਰ ਰਿਪੋਰਟ-2024’ ਮੁਤਾਬਕ ਇਸ ਸਮੇਂ 3.3 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਅਮਰੀਕਾ ਦੀਆਂ ਸਿੱਖਿਆ ਸੰਸਥਾਵਾਂ ਵਿਚ ਪੜ੍ਹ ਰਹੇ ਹਨ। ਅਕਾਦਮਿਕ ਸਾਲ 2022-23 ‘ਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਅਮਰੀਕਾ ਭੇਜਣ ਦੇ ਮਾਮਲੇ ‘ਚ ਚੀਨ ਪਹਿਲੇ, ਜਦਕਿ ਭਾਰਤ ਦੂਜੇ ਸਥਾਨ ‘ਤੇ ਰਿਹਾ ਸੀ। ‘ਓਪਨ ਡੋਰ ਰਿਪੋਰਟ’ ਦੇ ਅਨੁਸਾਰ, ਅਕਾਦਮਿਕ ਸਾਲ 2023-24 ਵਿਚ ਅਮਰੀਕਾ ਵਿਚ ਪੜ੍ਹਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ”ਰਿਕਾਰਡ” 3,31,602 ਤੱਕ ਪਹੁੰਚ ਗਈ ਹੈ। ਇਹ ਸੰਖਿਆ ਅਕਾਦਮਿਕ ਸਾਲ 2022-23 ਦੇ ਮੁਕਾਬਲੇ 23 ਫ਼ੀਸਦੀ ਜ਼ਿਆਦਾ ਹੈ, ਜਦੋਂ 2,68,923 ਭਾਰਤੀ ਵਿਦਿਆਰਥੀ ਅਮਰੀਕੀ ਵਿਦਿਅਕ ਸੰਸਥਾਵਾਂ ਵਿੱਚ ਪੜ੍ਹ ਰਹੇ ਸਨ।
‘ਓਪਨ ਡੋਰ ਰਿਪੋਰਟ’ ‘ਤੇ ਅਮਰੀਕੀ ਦੂਤਘਰ ਵੱਲੋਂ ਸਾਂਝੇ ਕੀਤੇ ਗਏ ਨੋਟ ਅਨੁਸਾਰ, ‘ਭਾਰਤ ਹੁਣ ਅਮਰੀਕਾ ਵਿਚ ਸਭ ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਭੇਜਣ ਵਾਲਾ ਦੇਸ਼ ਬਣ ਗਿਆ ਹੈ। ਅਮਰੀਕਾ ਵਿਚ ਪੜ੍ਹ ਰਹੇ ਕੁੱਲ ਅੰਤਰਰਾਸ਼ਟਰੀ ਵਿਦਿਆਰਥੀਆਂ ਵਿਚੋਂ 29 ਫ਼ੀਸਦੀ ਭਾਰਤ ਦੇ ਹਨ।’ ਨੋਟ ਵਿਚ ਕਿਹਾ ਗਿਆ ਹੈ, ”2008-09 ਤੋਂ ਬਾਅਦ ਭਾਰਤ ਪਹਿਲੀ ਵਾਰ ਅਮਰੀਕਾ ਵਿਚ ਸਭ ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਭੇਜਣ ਵਾਲੇ ਦੇਸ਼ ਵਜੋਂ ਉਭਰਿਆ ਹੈ। 3,31,602 ਭਾਰਤੀ ਵਿਦਿਆਰਥੀ ਅਮਰੀਕਾ ਵਿਚ ਪੜ੍ਹ ਰਹੇ ਹਨ ਅਤੇ ਇਹ ਗਿਣਤੀ ਹੁਣ ਤੱਕ ਦੀ ਸਭ ਤੋਂ ਵੱਧ ਹੈ।’
‘ਓਪਨ ਡੋਰਜ਼ ਰਿਪੋਰਟ’ ਵਿਚ ਦਿੱਤੇ ਗਏ ਅਧਿਕਾਰਤ ਅੰਕੜਿਆਂ ਅਨੁਸਾਰ, ਅਕਾਦਮਿਕ ਸਾਲ 2023-24 ਵਿਚ ਸਭ ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਅਮਰੀਕਾ ਭੇਜਣ ਵਾਲੇ ਚੋਟੀ ਦੇ 5 ਦੇਸ਼ਾਂ ਵਿਚ ਭਾਰਤ ਤੋਂ ਇਲਾਵਾ ਚੀਨ (2,77,398), ਦੱਖਣੀ ਕੋਰੀਆ (43,149), ਕੈਨੇਡਾ (28,998) ਅਤੇ ਤਾਈਵਾਨ (23,157) ਸ਼ਾਮਲ। ਅਮਰੀਕਾ ਵਿਚ ਅਕਾਦਮਿਕ ਸੈਸ਼ਨ ਆਮ ਤੌਰ ‘ਤੇ ਸਤੰਬਰ ਵਿਚ ਸ਼ੁਰੂ ਹੁੰਦਾ ਹੈ ਅਤੇ ਮਈ ਤੱਕ ਜਾਰੀ ਰਹਿੰਦਾ ਹੈ। ਰਿਪੋਰਟ ਦੇ ਅਨੁਸਾਰ, ਭਾਰਤ ਲਗਾਤਾਰ ਦੂਜੇ ਸਾਲ ਅਮਰੀਕਾ ਵਿਚ ਸਭ ਤੋਂ ਵੱਧ ਅੰਤਰਰਾਸ਼ਟਰੀ ਗ੍ਰੈਜੂਏਟ (ਮਾਸਟਰ ਅਤੇ ਪੀ.ਐੱਚ.ਡੀ. ਪੱਧਰ ਦੇ ਵਿਦਿਆਰਥੀ) ਭੇਜਣ ਵਾਲੇ ਦੇਸ਼ ਵਜੋਂ ਉੱਭਰਿਆ ਹੈ।
ਇਸ ਵਿਚ ਕਿਹਾ ਗਿਆ ਹੈ ਕਿ 2023-24 ਵਿਚ ਅਮਰੀਕੀ ਵਿਦਿਅਕ ਸੰਸਥਾਵਾਂ ਵਿਚ ਦਾਖਲਾ ਲੈਣ ਵਾਲੇ ਭਾਰਤੀ ਗ੍ਰੈਜੂਏਟਾਂ ਦੀ ਗਿਣਤੀ ਪਿਛਲੇ ਅਕਾਦਮਿਕ ਸਾਲ ਨਾਲੋਂ 19 ਫ਼ੀਸਦੀ ਵਧ ਕੇ 1,96,567 ਹੋ ਗਈ ਹੈ। ਰਿਪੋਰਟ ਮੁਤਾਬਕ ਅਮਰੀਕਾ ‘ਚ ਭਾਰਤ ਦੇ ਅੰਡਰ-ਗ੍ਰੈਜੂਏਟ ਵਿਦਿਆਰਥੀਆਂ ਦੀ ਗਿਣਤੀ ਵੀ 13 ਫ਼ੀਸਦੀ ਵਧ ਕੇ 36,053 ਹੋ ਗਈ, ਜਦਕਿ ਗੈਰ-ਡਿਗਰੀ ਵਿਦਿਆਰਥੀਆਂ ਦੀ ਗਿਣਤੀ 28 ਫ਼ੀਸਦੀ ਘੱਟ ਕੇ 1,426 ‘ਤੇ ਆ ਗਈ। ਇੰਟਰਨੈਸ਼ਨਲ ਐਜੂਕੇਸ਼ਨ ਵੀਕ (ਆਈ.ਈ.ਡਬਲਯੂ.) ਦੀ ਸ਼ੁਰੂਆਤ ਦੇ ਮੌਕੇ ‘ਤੇ ‘ਓਪਨ ਡੋਰ ਰਿਪੋਰਟ’ ਜਾਰੀ ਕੀਤੀ ਗਈ ਹੈ। ਆਈ.ਈ.ਡਬਲਯੂ. ਦਾ ਉਦੇਸ਼ ਵਿਸ਼ਵ ਭਰ ਵਿਚ ਅੰਤਰਰਾਸ਼ਟਰੀ ਸਿੱਖਿਆ ਅਤੇ ਵਿਦਿਅਕ ਅਦਾਨ-ਪ੍ਰਦਾਨ ਦੇ ਲਾਭਾਂ ਨੂੰ ਉਜਾਗਰ ਕਰਨਾ ਹੈ।