#CANADA

ਪਿਕਸ ਅਸਿਸਟਡ ਲਿਵਿੰਗ ਸੋਸਾਇਟੀ ਦੇ ਬਜ਼ੁਰਗਾਂ ਨੂੰ ਮਿਲੀ ਇਲੈਕਟ੍ਰਿਕ ਬੱਸ ਦੀ ਸਹੂਲਤ

ਸਿਹਤ ਮੰਤਰਾਲੇ ਵੱਲੋਂ ਸੀਨੀਅਰਜ਼ ਦੇ ਸੈਰ ਸਪਾਟੇ ਲਈ ਦਿੱਤਾ ਇਕ ਹਰਿਆਵਲ ਤੋਹਫ਼ਾ
ਸਰੀ, 12 ਦਸੰਬਰ (ਹਰਦਮ ਮਾਨ/ਪੰਜਾਬ ਮੇਲ)- ਪ੍ਰੋਗਰੈਸਿਵ ਇੰਟਰਕਲਰਚਲ ਕਮਿਊਨਿਟੀ ਸਰਵਿਸਿਜ਼ ਸੋਸਾਇਟੀ (ਪਿਕਸ) ਸਰੀ ਵੱਲੋਂ ਪਿਕਸ ਅਸਿਸਟਡ ਲਿਵਿੰਗ ਫੈਸਿਲਿਟੀ ਦੇ ਬਜ਼ੁਰਗਾਂ ਲਈ ਨਵੀਂ ਇਲੈਕਟ੍ਰਿਕ ਬੱਸ ਦੀ ਸਹੂਲਤ ਪ੍ਰਦਾਨ ਕੀਤੀ ਹੈ। ਇਸ ਬੱਸ ਲਈ ਸਿਹਤ ਮੰਤਰਾਲੇ ਅਤੇ ਫਰੇਜ਼ਰ ਹੈਲਥ ਵੱਲੋਂ ਫੰਡਿੰਗ ਕੀਤੀ ਗਈ ਹੈ। ਦਸੰਬਰ 2023 ਵਿੱਚ ਇਸ ਹਰੀ ਪਹਿਲਕਦਮੀ ਦਾ ਵਾਅਦਾ ਕੀਤਾ ਗਿਆ ਸੀ, ਜੋ ਹੁਣ ਅਧਿਕਾਰਤ ਤੌਰ ‘ਤੇ ਸਹੂਲਤ ਦੇ ਰੂਪ ਵਿਚ ਮਿਲਿਆ ਹੈ।
ਦੱਸਿਆ ਗਿਆ ਹੈ ਕਿ ਸੂਬਾਈ ਅਤੇ ਕੈਨੇਡੀਅਨ ਸਰਕਾਰਾਂ ਦੇ ਸਮਰਥਨ ਨਾਲ਼ ਬ੍ਰਿਟਿਸ਼ ਕੋਲੰਬੀਆ ਬਜ਼ੁਰਗਾਂ ਲਈ ਆਵਾਜਾਈ ਸਾਧਨਾਂ ਦੇ ਬਿਜਲੀਕਰਨ ਨੂੰ ਤੇਜ਼ ਕਰ ਰਿਹਾ ਹੈ ਅਤੇ ਇਸ ਦਾ ਉਦੇਸ਼ ਉਹਨਾਂ ਦੀ ਪਹੁੰਚਯੋਗਤਾ ਨੂੰ ਵਧਾਉਣਾ ਅਤੇ ਵਾਤਾਵਰਣ ‘ਤੇ ਪੈ ਰਹੇ ਮਾੜੇ ਪ੍ਰਭਾਵ ਨੂੰ ਘਟਾਉਣਾ ਹੈ। ਪਿਕਸ ‘ਤੇ ਇਲੈਕਟ੍ਰਿਕ ਬੱਸ ਦਾ ਮੇਲ ਸੀਨੀਅਰ ਨਿਵਾਸੀਆਂ ਲਈ ਜੀਵਨ ਦੀ ਗੁਣਵੱਤਾ ਵਿੱਚ ਮਹੱਤਵਪੂਰਨ ਸੁਧਾਰ ਕਰੇਗਾ, ਜਿਸ ਨਾਲ਼ ਉਹ ਸੈਰ-ਸਪਾਟੇ ਵਿੱਚ ਹਿੱਸਾ ਲੈਣ ਅਤੇ ਸਥਾਨਕ ਭਾਈਚਾਰੇ ਨਾਲ਼ ਆਪਣੀ ਸਾਂਝ ਵਧੇਰੇ ਪਕੇਰੀ ਕਰ ਸਕਣਗੇ।
ਪਿਕਸ ਸੋਸਾਇਟੀ ਦੇ ਸੀ.ਈ.ਓ. ਸਤਬੀਰ ਸਿੰਘ ਚੀਮਾ ਨੇ ਕਿਹਾ ਹੈ ਕਿ ਇਹ ਉਦਾਰ ਤੋਹਫ਼ਾ ਸਾਡੇ ਪਿਆਰੇ ਬਜ਼ੁਰਗਾਂ ਦੀ ਗਤੀਸ਼ੀਲਤਾ ਵਿੱਚ ਮਹੱਤਵਪੂਰਨ ਵਾਧਾ ਕਰੇਗਾ। ਇਸ ਇਲੈਕਟ੍ਰਿਕ ਬੱਸ ਨਾਲ਼ ਵਸਨੀਕਾਂ ਨੂੰ ਭਾਈਚਾਰਕ ਸ਼ਮੂਲੀਅਤ ਅਤੇ ਸਮਾਜਿਕ ਭਾਗੀਦਾਰੀ ਲਈ ਵਧੇਰੇ ਮੌਕੇ ਮਿਲਣਗੇ, ਜਿਸ ਨਾਲ਼ ਉਹ ਆਪਣੇ ਜੀਵਨ ਨੂੰ ਖੁਸ਼ ਰੱਖਣ ਲਈ ਸੈਰ-ਸਪਾਟੇ ਅਤੇ ਹੋਰ ਗਤੀਵਿਧੀਆਂ ਦਾ ਆਨੰਦ ਮਾਣ ਸਕਣਗੇ। ਉਨ੍ਹਾਂ ਪਿਕਸ ਸੋਸਾਇਟੀ ਵੱਲੋਂ ਬੀ.ਸੀ. ਦੇ ਪ੍ਰੀਮੀਅਰ ਡੇਵਿਡ ਇਬੀ ਅਤੇ ਬੀ.ਸੀ. ਦੇ ਸਾਬਕਾ ਸਿਹਤ ਮੰਤਰੀ ਐਡਰੀਅਨ ਡਿਕਸ ਦਾ ਧੰਨਵਾਦ ਕੀਤਾ।
ਪਿਕਸ ਪ੍ਰਸ਼ਾਸਕ ਇੰਦਰਜੀਤ ਹੁੰਦਲ ਨੇ ਇਸ ਇਲੈਕਟ੍ਰਿਕ ਬੱਸ ਦੀ ਸਹੂਲਤ ਦਾ ਸੁਆਗਤ ਕਰਦਿਆਂ ਕਿਹਾ ਕਿ ਇਹ ਸਹੂਲਤ ਸਾਡੇ ਬਜ਼ੁਰਗਾਂ ਨੂੰ ਜ਼ਿਆਦਾ ਗਤੀਸ਼ੀਲਤਾ ਪ੍ਰਦਾਨ ਦੇ ਨਾਲ਼ ਨਾਲ਼ ਭਾਈਚਾਰੇ ਦੇ ਹਰੇ ਭਰੇ ਭਵਿੱਖ ਵੱਲ ਸਾਡੀ ਪਹਿਲਕਦਮੀ ਨੂੰ ਵੀ ਦਰਸਾਉਂਦੀ ਹੈ।