#OTHERS

ਪਾਕਿ ਸੁਪਰੀਮ ਕੋਰਟ ‘ਚ ਇਮਰਾਨ ਦੀ Video ਲਿੰਕ ਰਾਹੀਂ ਹੋਈ ਪੇਸ਼ੀ

ਇਸਲਾਮਾਬਾਦ, 17 ਮਈ (ਪੰਜਾਬ ਮੇਲ)- ਪਾਕਿਸਤਾਨ ਦਾ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਜੇਲ੍ਹ ਤੋਂ ਵੀਡੀਓ ਲਿੰਕ ਰਾਹੀਂ ਸੁਪਰੀਮ ਕੋਰਟ ‘ਚ ਪੇਸ਼ ਹੋਇਆ। ਮੁਲਕ ਦੇ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ‘ਚ ਬਦਲਾਅ ਖ਼ਿਲਾਫ਼ ਇਮਰਾਨ ਨੇ ਪਟੀਸ਼ਨ ਦਾਖ਼ਲ ਕੀਤੀ ਹੈ, ਜਿਸ ‘ਤੇ ਸੁਣਵਾਈ ਹੋਈ। ਉਸ ਦੀ ਪੇਸ਼ੀ ਦਾ ਅਦਾਲਤ ਦੀ ਵੈੱਬਸਾਈਟ ਅਤੇ ਯੂਟਿਊਬ ‘ਤੇ ਸਿੱਧਾ ਪ੍ਰਸਾਰਨ ਹੋਣ ਦੀ ਸੰਭਾਵਨਾ ਸੀ ਪਰ ਜਿਵੇਂ ਹੀ ਸੁਣਵਾਈ ਸ਼ੁਰੂ ਹੋਈ ਤਾਂ ਵੈੱਬਸਾਈਟ ‘ਤੇ ਉਸ ਦੀਆਂ ਤਸਵੀਰਾਂ ਦਿਖਾਈ ਨਾ ਦਿੱਤੀਆਂ। ਇਮਰਾਨ ਦੀ ਪਿਛਲੇ ਸਾਲ ਅਗਸਤ ‘ਚ ਗ੍ਰਿਫ਼ਤਾਰੀ ਮਗਰੋਂ ਇਹ ਪਹਿਲੀ ਵਾਰ ਜਨਤਕ ਤਸਵੀਰਾਂ ਨਸ਼ਰ ਹੋਣੀਆਂ ਸਨ। ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਵਿਜ਼ੁਅਲ ਵੈੱਬਸਾਈਟ ਜਾਂ ਯੂਟਿਊਬ ‘ਤੇ ਕਿਉਂ ਨਹੀਂ ਮੁਹੱਈਆ ਕਰਵਾਏ ਗਏ। ਸਿਖਰਲੀ ਅਦਾਲਤ ਨੇ ਅਹਿਮ ਕੇਸਾਂ ਦੀ ਸਿੱਧੇ ਪ੍ਰਸਾਰਨ ਦੀ ਇਜਾਜ਼ਤ ਦਿੱਤੀ ਹੋਈ ਹੈ। ਇਮਰਾਨ ਦੇ ਕਰੀਬ 15 ਹਜ਼ਾਰ ਹਮਾਇਤੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਯੂਟਿਊਬ ਚੈਨਲ ‘ਤੇ ਅਦਾਲਤ ਦੀ ਕਾਰਵਾਈ ਦੀ ਉਡੀਕ ਕਰਦੇ ਰਹੇ। ਜਦੋਂ ਸਪੱਸ਼ਟ ਹੋ ਗਿਆ ਕਿ ਸੁਣਵਾਈ ਦਾ ਸਿੱਧਾ ਪ੍ਰਸਾਰਨ ਨਹੀਂ ਹੋਵੇਗਾ ਤਾਂ ਸਮਰਥਕਾਂ ਦੀ ਗਿਣਤੀ 5 ਹਜ਼ਾਰ ਤੋਂ ਘੱਟ ਰਹਿ ਗਈ। ਇਮਰਾਨ ਖ਼ਾਨ ਹੋਰ ਅਦਾਲਤਾਂ ‘ਚ ਵੀ ਪੇਸ਼ੀ ਭੁਗਤਦਾ ਰਿਹਾ ਹੈ ਪਰ ਕੈਮਰਿਆਂ ਨੂੰ ਉਸ ਨੂੰ ਦਿਖਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਹੈ।
ਇਮਰਾਨ ਦੀ ਵਾਇਰਲ ਤਸਵੀਰ ਦੀ ਜਾਂਚ ਸ਼ੁਰੂ
ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸੋਸ਼ਲ ਮੀਡੀਆ ‘ਤੇ ਵਾਇਰਲ ਤਸਵੀਰ ਦੀ ਸੁਪਰੀਮ ਕੋਰਟ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਡਿਆਲਾ ਜੇਲ੍ਹ ਤੋਂ ਪੇਸ਼ੀ ਭੁਗਤਣ ਸਮੇਂ ਇਮਰਾਨ ਖ਼ਾਨ ਦੀ ਤਸਵੀਰ ਅਦਾਲਤ ‘ਚ ਬੈਠੇ ਕਿਸੇ ਵਿਅਕਤੀ ਨੇ ਖਿੱਚ ਲਈ ਜਾਪਦੀ ਹੈ। ਏਆਰਵਾਈ ਨਿਊਜ਼ ਮੁਤਾਬਕ ਫੋਟੋਗ੍ਰਾਫ਼ਰ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਪੁਲਿਸ ਵੱਲੋਂ ਅਦਾਲਤ ਦੇ ਕਮਰੇ ‘ਚ ਹਾਜ਼ਰ ਲੋਕਾਂ ਤੋਂ ਵੀ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।