ਇਸਲਾਮਾਬਾਦ, 29 ਮਾਰਚ (ਪੰਜਾਬ ਮੇਲ)- ਪਾਕਿਸਤਾਨ ਸਰਕਾਰ ਨੇ 31 ਮਾਰਚ ਤੱਕ ਆਪਣੀ ਮਰਜ਼ੀ ਨਾਲ ਅਫਗਾਨਿਸਤਾਨ ਨਾ ਪਰਤਣ ਵਾਲੇ ਅਫਗਾਨ ਨਾਗਰਿਕਾਂ ਨੂੰ ਹਿਰਾਸਤ ਵਿਚ ਲੈਣ ਅਤੇ ਉਨ੍ਹਾਂ ਦੇ ਦੇਸ਼ ਵਾਪਸ ਭੇਜਣ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਪਾਕਿਸਤਾਨੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਜਨਵਰੀ ਵਿਚ ਪਾਕਿਸਤਾਨ ਸਰਕਾਰ ਨੇ ‘ਅਫਗਾਨ ਸਿਟੀਜ਼ਨ ਕਾਰਡ’ (ਏ.ਸੀ.ਸੀ) ਧਾਰਕਾਂ ਨੂੰ 31 ਮਾਰਚ ਤੱਕ ਪਾਕਿਸਤਾਨ ਛੱਡਣ ਲਈ ਕਿਹਾ ਸੀ, ਨਹੀਂ ਤਾਂ ਉਨ੍ਹਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ।
ਸ਼ੁੱਕਰਵਾਰ ਨੂੰ ਇੱਕ ਉੱਚ-ਪੱਧਰੀ ਮੀਟਿੰਗ ਵਿਚ 31 ਮਾਰਚ ਦੀ ਸਮਾਂ ਸੀਮਾ ਤੋਂ ਬਾਅਦ ਏ.ਸੀ.ਸੀ. ਧਾਰਕਾਂ ਨੂੰ ਵਾਪਸ ਭੇਜਣ ਦੇ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਕੀਤੀ। ਸ਼ੁੱਕਰਵਾਰ ਨੂੰ ਇੱਕ ਮੀਟਿੰਗ ਵਿਚ ਅਧਿਕਾਰੀਆਂ ਨੇ ਕਿਹਾ ਕਿ ਏ.ਸੀ.ਸੀ. ਧਾਰਕਾਂ ਨੂੰ ਅਫਗਾਨਿਸਤਾਨ ਵਾਪਸ ਭੇਜਣ ਲਈ ਸਾਰੇ ਪ੍ਰਬੰਧ ਪੂਰੇ ਕਰ ਲਏ ਗਏ ਹਨ। ‘ਡਾਨ’ ਅਖਬਾਰ ਅਨੁਸਾਰ ਅਧਿਕਾਰੀਆਂ ਨੇ ਕਿਹਾ ਕਿ ਅਫਗਾਨ ਨਾਗਰਿਕਾਂ ਨੂੰ ਦੇਸ਼ ਨਿਕਾਲੇ ਤੋਂ ਪਹਿਲਾਂ ਹਿਰਾਸਤ ਵਿਚ ਰੱਖਣ ਲਈ ਨਜ਼ਰਬੰਦੀ ਕੇਂਦਰ ਸਥਾਪਤ ਕੀਤੇ ਗਏ ਹਨ, ਜਿੱਥੇ ਭੋਜਨ ਅਤੇ ਸਿਹਤ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ।
ਪਾਕਿ ਸਰਕਾਰ ਵੱਲੋਂ ਅਫਗਾਨ ਨਾਗਰਿਕਾਂ ਦੇ ਦੇਸ਼ ਨਿਕਾਲੇ ਸਬੰਧੀ ਖਿੱਚੀ ਤਿਆਰੀ
