ਇਸਲਾਮਾਬਾਦ, 26 ਮਈ (ਪੰਜਾਬ ਮੇਲ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਨਜ਼ਦੀਕੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਜਨਰਲ ਸਕੱਤਰ ਅਸਦ ਉਮਰ ਨੇ ਅੱਜ ਪਾਰਟੀ ਵਿਚਲੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਅਡਿਆਲਾ ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਉਨ੍ਹਾਂ ਇਹ ਫ਼ੈਸਲਾ ਲਿਆ ਹੈ। ਇਸ ਬਾਰੇ ਇੱਕ ਪ੍ਰੈੱਸ ਕਾਨਫਰੰਸ ‘ਚ ਉਮਰ ਨੇ ਕਿਹਾ, ‘ਇਨ੍ਹਾਂ ਪ੍ਰਸਥਿਤੀਆਂ ਵਿਚ ਮੇਰੇ ਲਈ ਪਾਰਟੀ ਦੀ ਅਗਵਾਈ ਕਰ ਸਕਣਾ ਸੰਭਵ ਨਹੀਂ ਹੈ। ਮੈਂ ਪਾਰਟੀ ਦੇ ਕੋਰ ਕਮੇਟੀ ਮੈਂਬਰ ਅਤੇ ਜਨਰਲ ਸਕੱਤਰ ਵਜੋਂ ਅਸਤੀਫ਼ਾ ਦਿੰਦਾ ਹਾਂ।’ ਉਮਰ ਨੇ ਸਪੱਸ਼ਟ ਕੀਤਾ ਕਿ ਉਹ ਕਿਸੇ ਪ੍ਰਭਾਵ ਹੇਠ ਆ ਕੇ ਅਸਤੀਫ਼ਾ ਨਹੀਂ ਦੇ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਸਿਰਫ਼ ਪਾਰਟੀ ਦਾ ਅਹੁਦਾ ਛੱਡਿਆ ਹੈ, ਪਾਰਟੀ ਨਹੀਂ। ਉਮਰ ਨੇ ਕਿਹਾ ਕਿ 9 ਮਈ ਨੂੰ ਵਾਪਰੀਆਂ ਘਟਨਾਵਾਂ ਵਿਚੋਂ ਸਭ ਤੋਂ ਖਤਰਨਾਕ ਇਹ ਸੀ ਕਿ ਫੌਜੀ ਟਿਕਾਣਿਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਜ਼ਿਕਰਯੋਗ ਹੈ ਕਿ ਅਸਦ ਉਮਰ ਤੋਂ ਪਹਿਲਾਂ ਬੀਤੇ ਬੁੱਧਵਾਰ ਸਾਬਕਾ ਸੂਚਨਾ ਮੰਤਰੀ ਫਵਾਦ ਚੌਧਰੀ ਵੀ ਅਸਤੀਫ਼ਾ ਦੇ ਚੁੱਕੇ ਹਨ।