ਚੰਡੀਗੜ੍ਹ, 7 ਮਈ (ਪੰਜਾਬ ਮੇਲ)- ਭਾਰਤ ਵੱਲੋਂ 6-7 ਮਈ ਦੀ ਰਾਤ ਨੂੰ ਸਰਹੱਦ ਪਾਰ ਅੱਤਵਾਦੀ ਟਿਕਾਣਿਆਂ ‘ਤੇ ਕੀਤੇ ਗਏ ਸਟੀਕ ਹਮਲਿਆਂ ਦੇ ਜਵਾਬ ਵਿਚ ਪਾਕਿਸਤਾਨ ਵੱਲੋਂ ਕੀਤੀ ਜਾਣ ਵਾਲੀ ਕਿਸੇ ਵੀ ਸੰਭਾਵੀ ਕਾਰਵਾਈ ਦੇ ਟਾਕਰੇ ਲਈ ਹਥਿਆਰਬੰਦ ਬਲਾਂ ਨੇ ਪੱਛਮੀ ਥੀਏਟਰ ਵਿਚ ਸਾਰੇ ਹਵਾਈ ਰੱਖਿਆ ਅਸਾਸਿਆਂ ਨੂੰ ਪੂਰੀ ਤਰ੍ਹਾਂ ਤਿਆਰ ਰੱਖਿਆ ਹੈ। ਸੂਤਰਾਂ ਅਨੁਸਾਰ ਘੁਸਪੈਠ ਰੋਕਣ ਅਤੇ ਸਰਹੱਦ ਨੇੜੇ ਸਰਗਰਮੀਆਂ ‘ਤੇ ਨੇੜਿਓਂ ਨਜ਼ਰ ਰੱਖਣ ਲਈ ਸਰਹੱਦੀ ਸੁਰੱਖਿਆ ਬਲਾਂ ਵੱਲੋਂ ਜ਼ਮੀਨੀ ਪੱਧਰ ‘ਤੇ ਚੌਕਸੀ ਵਧਾ ਦਿੱਤੀ ਗਈ ਹੈ। ਭਾਰਤੀ ਹਵਾਈ ਸੈਨਾ ਨੇ ਰਡਾਰਾਂ ਅਤੇ ਐਂਟੀ ਏਅਰਕ੍ਰਾਫ਼ਟ ਹਥਿਆਰਾਂ ਨੂੰ ਸਰਗਰਮ ਕਰਨ ਤੋਂ ਇਲਾਵਾ ਰਣਨੀਤਕ ਥਾਵਾਂ ‘ਤੇ ਸੁਰੱਖਿਆ ਬਲਾਂ ਨੂੰ ਤਿਆਰ ਬਰ ਤਿਆਰ ਰੱਖਿਆ ਗਿਆ ਹੈ। ਭਾਰਤੀ ਹਵਾਈ ਖੇਤਰ ਦੀ ਸੁਰੱਖਿਆ ਲਈ ਜੰਗੀ ਜਹਾਜ਼ਾਂ ਵੱਲੋਂ ਗਸ਼ਤ ਜਾਰੀ ਹੈ।
ਓ.ਆਰ.ਪੀ.ਐੱਸ. ਹਥਿਆਰਬੰਦ ਲੜਾਕੂ ਜਹਾਜ਼ਾਂ ਦਾ ਇੱਕ ਜੋੜਾ ਹੁੰਦਾ ਹੈ, ਜੋ ਕਿਸੇ ਵੀ ਹੰਗਾਮੀ ਹਾਲਾਤ ਵਿਚ ਇੱਕ ਪਲ ਦੇ ਨੋਟਿਸ ‘ਤੇ ਏਅਰਬੇਸਾਂ ਤੋਂ ਉਡਾਣ ਭਰਨ ਲਈ ਤਿਆਰ ਰਹਿੰਦਾ ਹੈ। ਆਈ.ਏ.ਐੱਫ. ਹਫ਼ਤੇ ਦੇ ਸੱਤ ਦਿਨ 24 ਘੰਟੇ ਕੁਝ ਏਅਰਬੇਸਾਂ ‘ਤੇ ਓ.ਆਰ.ਪੀ.ਐੱਸ. ਦੀ ਇੱਕ ਨਿਰਧਾਰਿਤ ਗਿਣਤੀ ਰੱਖਦਾ ਹੈ, ਅਤੇ ਲੋੜ ਪੈਣ ‘ਤੇ ਇਹ ਗਿਣਤੀ ਵਧਾਈ ਜਾ ਸਕਦੀ ਹੈ। ਓ.ਆਰ.ਪੀ.ਐੱਸ. ਨੂੰ ਦੁਸ਼ਮਣ ਫੌਜੀ ਜਹਾਜ਼ਾਂ ਜਾਂ ਇੱਥੋਂ ਤੱਕ ਕਿ ਨਾਗਰਿਕ ਜਹਾਜ਼ਾਂ, ਜੇਕਰ ਉਹ ਕੋਈ ਖ਼ਤਰਾ ਪੈਦਾ ਕਰਦੇ ਹਨ ਜਾਂ ਸ਼ੱਕ ਪੈਦਾ ਕਰਦੇ ਹਨ, ਨੂੰ ਰੋਕਣ ਲਈ ਤਿਆਰ ਕੀਤਾ ਜਾਂਦਾ ਹੈ।
‘ਆਪਰੇਸ਼ਨ ਸਿੰਦੂਰ’ ਤਹਿਤ, ਭਾਰਤ ਨੇ 22 ਅਪ੍ਰੈਲ ਨੂੰ ਪਹਿਲਗਾਮ ਵਿਚ ਹੋਏ ਦਹਿਸ਼ਤੀ ਹਮਲੇ ਦੇ ਬਦਲੇ ਵਜੋਂ ਪਾਕਿਸਤਾਨ ਵਿਚ ਅੱਤਵਾਦ ਨਾਲ ਜੁੜੇ ਨੌਂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਹਾਲਾਂਕਿ ਇਸ ਹਮਲੇ ਵਿਚ ਕਿਸੇ ਵੀ ਪਾਕਿਸਤਾਨੀ ਫੌਜੀ ਸੰਸਥਾ ਨੂੰ ਨੁਕਸਾਨ ਨਹੀਂ ਪਹੁੰਚਿਆ।
ਪਾਕਿਸਤਾਨ ਨੇ ਕੁਝ ਥਾਵਾਂ ‘ਤੇ ਭਾਰਤੀ ਹਮਲਿਆਂ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਹ ਹਵਾ ਅਤੇ ਜ਼ਮੀਨ ਤੋਂ ਢੁਕਵਾਂ ਜਵਾਬ ਦੇਵੇਗਾ। ਜਦੋਂ ਤੋਂ ਭਾਰਤ ਨੇ ਪਹਿਲਗਾਮ ਘਟਨਾ ਦਾ ਬਦਲਾ ਲੈਣ ਦਾ ਐਲਾਨ ਕੀਤਾ ਹੈ, ਪਾਕਿਸਤਾਨ ਨੇ ਵੀ ਜੰਗਬੰਦੀ ਸਮਝੌਤੇ ਦੀ ਉਲੰਘਣਾ ਕਰਦੇ ਹੋਏ ਕੰਟਰੋਲ ਰੇਖਾ ‘ਤੇ ਬਿਨਾਂ ਭੜਕਾਹਟ ਦੇ ਗੋਲੀਬਾਰੀ ਕੀਤੀ ਹੈ। ਪਾਕਿਸਤਾਨ ‘ਤੇ ਇਹ ਹਮਲੇ ਅਜਿਹੇ ਮੌਕੇ ਹੋਏ ਹਨ, ਜਦੋਂ ਭਾਰਤੀ ਹਵਾਈ ਸੈਨਾ ਨੇ ਐਲਾਨ ਕੀਤਾ ਸੀ ਕਿ ਉਹ 7 ਮਈ ਤੋਂ ਮੂਹਰਲੀ ਕਤਾਰ ਦੇ ਕਈ ਜੰਗੀ ਜਹਾਜ਼ਾਂ ਦੀ ਮਦਦ ਨਾਲ ਕੰਟਰੋਲ ਰੇਖਾ ਦੇ ਨਾਲ ਦੋ ਰੋਜ਼ਾ ਮਸ਼ਕ ਕਰੇਗੀ। ਪਾਕਿਸਤਾਨ ਨਾਲ ਲੱਗਦੀ ਸਰਹੱਦ ਨੇੜੇ ਦੱਖਣ-ਪੱਛਮੀ ਰਾਜਸਥਾਨ ਦੇ ਹਵਾਈ ਖੇਤਰ ਦੇ ਕੁਝ ਹਿੱਸਿਆਂ ਨੂੰ ਬੰਦ ਕਰਨ ਲਈ ਹਵਾਈ ਫੌਜੀਆਂ ਨੂੰ ਇੱਕ ਨੋਟਿਸ ਜਾਰੀ ਕੀਤਾ ਗਿਆ ਸੀ।
ਪਾਕਿ ਦੀ ਸੰਭਾਵੀ ਜਵਾਬੀ ਕਾਰਵਾਈ ਦੇ ਟਾਕਰੇ ਲਈ ਹਵਾਈ ਸੈਨਾ ਤੇ ਬੀ.ਐੱਸ.ਐੱਫ. ਹਾਈ ਅਲਰਟ ‘ਤੇ
