#OTHERS

ਪਾਕਿਸਤਾਨ ਵੱਲੋਂ ਅਮਰੀਕੀ ਸੈਂਟਰਲ ਕਮਾਂਡ ਮੁਖੀ ਦਾ ਸਰਵਉੱਚ ਫੌਜੀ ਨਾਲ ਸਨਮਾਨ

ਇਸਲਾਮਾਬਾਦ, 28 ਜੁਲਾਈ (ਪੰਜਾਬ ਮੇਲ)- ਪਾਕਿਸਤਾਨ ਅਮਰੀਕਾ ਪ੍ਰਤੀ ਵਫ਼ਾਦਾਰੀ ਦਿਖਾਉਣ ਦਾ ਕੋਈ ਵੀ ਮੌਕਾ ਨਹੀਂ ਗੁਆਉਂਦਾ। ਹਾਲ ਹੀ ਵਿਚ ਇੱਕ ਸ਼ਾਨਦਾਰ ਸਮਾਰੋਹ ਵਿਚ ਪਾਕਿਸਤਾਨ ਵੱਲੋਂ ਅਮਰੀਕੀ ਸੈਂਟਰਲ ਕਮਾਂਡ (ਸੈਂਟਕਾਮ) ਦੇ ਮੁਖੀ ਜਨਰਲ ਮਾਈਕਲ ਏ. ਕੁਰੀਲਾ ਨੂੰ ‘ਨਿਸ਼ਾਨ-ਏ-ਇਮਤਿਆਜ਼ (ਮਿਲਟਰੀ)’ ਨਾਲ ਸਨਮਾਨਿਤ ਕੀਤਾ ਗਿਆ। ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਅਮਰੀਕੀ ਜਨਰਲ ਨੂੰ ਇਹ ਸਨਮਾਨ ਦਿੱਤਾ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਡੋਨਾਲਡ ਟਰੰਪ ਲਈ ਨੋਬਲ ਪੁਰਸਕਾਰ ਦੀ ਮੰਗ ਕਰ ਚੁੱਕੇ ਹਨ।
ਇੱਥੇ ਦੱਸ ਦਈਏ ਕਿ ਸੈਂਟਰਲ ਕਮਾਂਡ ਅਮਰੀਕੀ ਫੌਜ ਦਾ ਉਹੀ ਹਿੱਸਾ ਹੈ, ਜੋ ਈਰਾਨ ਅਤੇ ਯਮਨ ਦੇ ਹੂਤੀ ਬਾਗੀਆਂ ‘ਤੇ ਹਮਲਾ ਕਰਨ ਲਈ ਜ਼ਿੰਮੇਵਾਰ ਹੈ। ਇਸ ਤੋਂ ਇਲਾਵਾ ਇਹ ਮੱਧ ਪੂਰਬ ਨੂੰ ਨਿਯੰਤਰਿਤ ਕਰਦਾ ਹੈ। ਇਹ ਕਮਾਂਡ ਇਜ਼ਰਾਈਲ ਦੀ ਵੀ ਰੱਖਿਆ ਕਰਦੀ ਹੈ। ਅਜਿਹੀ ਸਥਿਤੀ ਵਿਚ ਪਾਕਿਸਤਾਨ ਵੱਲੋਂ ਉਸੇ ਕਮਾਂਡ ਦੇ ਮੁਖੀ ਨੂੰ ਵੱਡਾ ਸਨਮਾਨ ਦੇਣਾ ਬਹੁਤ ਕੁਝ ਕਹਿੰਦਾ ਹੈ। ਜਨਰਲ ਕੁਰੀਲਾ ਦੀ ਪਾਕਿਸਤਾਨ ਫੇਰੀ ਦੌਰਾਨ ਉਨ੍ਹਾਂ ਨੂੰ ਰਾਸ਼ਟਰਪਤੀ ਭਵਨ ਵਿਚ ਤਿੰਨਾਂ ਫੌਜਾਂ ਵੱਲੋਂ ਗਾਰਡ ਆਫ਼ ਆਨਰ ਦਿੱਤਾ ਗਿਆ। ਉਹ ਨਾ ਸਿਰਫ਼ ਪਾਕਿਸਤਾਨ ਦੇ ਫੌਜ ਮੁਖੀ ਫੀਲਡ ਮਾਰਸ਼ਲ ਅਸੀਮ ਮੁਨੀਰ ਨਾਲ ਮਿਲੇ, ਸਗੋਂ ਇੱਕ ਮਹੱਤਵਪੂਰਨ ਕਾਨਫਰੰਸ ਦਾ ਹਿੱਸਾ ਵੀ ਬਣੇ, ਜਿਸ ਵਿਚ ਅਮਰੀਕਾ, ਕਜ਼ਾਕਿਸਤਾਨ, ਕਿਰਗਿਸਤਾਨ, ਤਾਜਿਕਸਤਾਨ ਅਤੇ ਉਜ਼ਬੇਕਿਸਤਾਨ ਦੇ ਉੱਚ ਫੌਜੀ ਅਧਿਕਾਰੀ ਮੌਜੂਦ ਸਨ।
ਪਾਕਿਸਤਾਨ ਦਾ ਇਹ ਕਦਮ ਅਜਿਹੇ ਸਮੇਂ ਆਇਆ ਹੈ, ਜਦੋਂ ਇੱਕ ਪਾਸੇ ਪਾਕਿਸਤਾਨ ਆਰਥਿਕ ਸੰਕਟ ਦੀ ਲਪੇਟ ਵਿਚ ਹੈ ਅਤੇ ਆਈ.ਐੱਮ.ਐੱਫ. ਦੀਆਂ ਸ਼ਰਤਾਂ ਅੱਗੇ ਝੁੱਕ ਰਿਹਾ ਹੈ, ਜਦੋਂ ਕਿ ਐੱਫ.ਏ.ਟੀ.ਐੱਫ. ਦੀ ਗ੍ਰੇ ਲਿਸਟ ਤੋਂ ਬਾਹਰ ਆਉਣ ਤੋਂ ਬਾਅਦ ਵੀ ਇਸਦੇ ਅਕਸ ‘ਤੇ ਸਵਾਲ ਖੜ੍ਹੇ ਹਨ। 2018 ਵਿਚ ਗ੍ਰੇ ਲਿਸਟ ਵਿਚ ਪਾਏ ਗਏ ਪਾਕਿਸਤਾਨ ਨੂੰ 2022 ਵਿਚ ਬਾਹਰ ਕੱਢ ਦਿੱਤਾ ਗਿਆ ਸੀ, ਪਰ ਭਾਰਤ ਵੱਲੋਂ ਐੱਫ.ਏ.ਟੀ.ਐੱਫ. ‘ਤੇ ਅਜੇ ਵੀ ਦਬਾਅ ਹੈ ਕਿ ਪਾਕਿਸਤਾਨ ਅੱਤਵਾਦੀ ਫੰਡਿੰਗ ਨੂੰ ਰੋਕਣ ਵਿਚ ਅਸਫਲ ਰਿਹਾ ਹੈ। ਖਾਸ ਕਰਕੇ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੁਬਾਰਾ ਐੱਫ.ਏ.ਟੀ.ਐੱਫ. ਦੀ ਗ੍ਰੇ ਲਿਸਟ ਵਿਚ ਪਹੁੰਚ ਜਾਵੇਗਾ। ਅਮਰੀਕਾ ਨਾ ਸਿਰਫ ਐੱਫ.ਏ.ਟੀ.ਐੱਫ. ਦਾ ਸੰਸਥਾਪਕ ਮੈਂਬਰ ਹੈ, ਬਲਕਿ ਇਸਦੇ ਮਾਪਦੰਡਾਂ ਅਤੇ ਫੈਸਲਿਆਂ ‘ਤੇ ਵੀ ਇਸਦਾ ਸਿੱਧਾ ਪ੍ਰਭਾਵ ਪੈਂਦਾ ਹੈ। ਅਜਿਹੀ ਸਥਿਤੀ ਵਿਚ ਪਾਕਿਸਤਾਨ ਵੱਲੋਂ ਅਮਰੀਕੀ ਫੌਜੀ ਮੁਖੀ ਨੂੰ ਜਨਤਕ ਤੌਰ ‘ਤੇ ਸਨਮਾਨਿਤ ਕਰਨਾ ਕਈ ਕੂਟਨੀਤਕ ਸੰਦੇਸ਼ ਦਿੰਦਾ ਹੈ। ਇਹ ਗ੍ਰੇ ਲਿਸਟ ਤੋਂ ਬਚਣ ਦੀ ਸਿੱਧੀ ਕੋਸ਼ਿਸ਼ ਹੈ।
‘ਨਿਸ਼ਾਨ-ਏ-ਇਮਤਿਆਜ਼’ ਪਾਕਿਸਤਾਨ ਦਾ ਇੱਕ ਵੱਕਾਰੀ ਰਾਸ਼ਟਰੀ ਸਨਮਾਨ ਹੈ, ਜੋ ਉੱਥੋਂ ਦੀ ਸਰਕਾਰ ਉਨ੍ਹਾਂ ਲੋਕਾਂ ਨੂੰ ਦਿੰਦੀ ਹੈ, ਜੋ ਫੌਜੀ ਅਤੇ ਨਾਗਰਿਕ ਦੋਵਾਂ ਖੇਤਰਾਂ ਵਿਚ ਵਿਸ਼ੇਸ਼ ਯੋਗਦਾਨ ਪਾਉਂਦੇ ਹਨ। ਇਸਨੂੰ ਦੇਸ਼ ਦਾ ਦੂਜਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ ਮੰਨਿਆ ਜਾਂਦਾ ਹੈ, ਪਰ ਜਦੋਂ ਇਹ ‘ਫੌਜੀ’ ਸ਼੍ਰੇਣੀ ਵਿਚ ਦਿੱਤਾ ਜਾਂਦਾ ਹੈ, ਤਾਂ ਇਹ ਉਨ੍ਹਾਂ ਲੋਕਾਂ ਦਾ ਸਨਮਾਨ ਕਰਨ ਲਈ ਹੁੰਦਾ ਹੈ, ਜੋ ਫੌਜ ਜਾਂ ਰੱਖਿਆ ਸਹਿਯੋਗ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।