#OTHERS

ਪਾਕਿਸਤਾਨ ਨੇ ਰਾਹਤ ਸਮੱਗਰੀ ਦੇ ਨਾਂ ‘ਤੇ ਸ਼੍ਰੀਲੰਕਾ ਨੂੰ ਭੇਜੀ ਮਿਆਦ ਪੁਗਾ ਚੁੱਕੀ ਰਾਹਤ ਸਮੱਗਰੀ

-ਹਰ ਪਾਸੇ ਹੋ ਰਹੀ ਆਲੋਚਨਾ
-ਸ਼੍ਰੀਲੰਕਾ ‘ਚ ਪਾਕਿ ਹਾਈ ਕਮਿਸ਼ਨ ਨੇ ਖ਼ੁਦ ਜਾਰੀ ਕੀਤੀਆਂ ਤਸਵੀਰਾਂ
ਅੰਮ੍ਰਿਤਸਰ, 4 ਦਸੰਬਰ (ਪੰਜਾਬ ਮੇਲ)-ਪਾਕਿਸਤਾਨ ਨੇ ਰਾਹਤ ਸਮੱਗਰੀ ਦੇ ਨਾਂ ‘ਤੇ ਸ਼੍ਰੀਲੰਕਾ ਨੂੰ ਮਿਆਦ ਪੁਗਾ ਚੁੱਕੀ ਰਾਹਤ ਸਮੱਗਰੀ ਭੇਜੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਪਾਕਿ ਨੇ ਚੱਕਰਵਾਤ ਦਿਤਵਾ ਨਾਲ ਨਜਿੱਠਣ ਲਈ ਸ੍ਰੀਲੰਕਾ ਨੂੰ ਸਹਾਇਤਾ ਭੇਜੀ ਸੀ ਪਰ ਉਨ੍ਹਾਂ ਭੋਜਨ ਪੈਕਟਾਂ ‘ਤੇ ਮਿਆਦ ਪੁੱਗਣ ਦੀ ਤਰੀਕ ਅਕਤੂਬਰ 2024 ਲਿਖੀ ਹੋਈ ਸੀ। ਸ੍ਰੀਲੰਕਾ ‘ਚ ਪਾਕਿਸਤਾਨ ਹਾਈ ਕਮਿਸ਼ਨ ਨੇ ਸੋਸ਼ਲ ਮੀਡੀਆ ‘ਐਕਸ’ ‘ਤੇ ਇਸ ਨਾਲ ਸੰਬੰਧਿਤ ਸੁਨੇਹਾ ਪੋਸਟ ਕੀਤਾ। ਨਾਲ ਹੀ ਰਾਹਤ ਸਮਗਰੀ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ। ਪਾਕਿ ਨੇ ਪਾਣੀ, ਦੁੱਧ ਪਾਊਡਰ ਤੇ ਆਟਾ ਸਮੇਤ ਕਈ ਪੈਕਟ ਭੇਜੇ। ਜਿਨ੍ਹਾਂ ‘ਤੇ ਮਿਆਦ ਪੁੱਗਣ ਦੀ ਲਿਖੀ ਤਰੀਕ ਸਾਫ਼ ਵਿਖਾਈ ਦੇ ਰਹੀ ਹੈ। ਪਾਕਿ ਵਲੋਂ ਰਾਹਤ ਸਮਗਰੀ ਦੇ ਨਾਂਅ ‘ਤੇ ਭੇਜੇ ਗਏ ਸਾਮਾਨ ਦੀ ਮਿਆਦ ਲਗਭਗ 14 ਮਹੀਨੇ ਪਹਿਲਾਂ ਹੀ ਖ਼ਤਮ ਹੋ ਚੁੱਕੀ ਹੈ। ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਇਸ ਪੋਸਟ ਨਾਲ ਹਰ ਪਾਸੇ ਪਾਕਿ ਦੀ ਆਲੋਚਨਾ ਹੋ ਰਹੀ ਹੈ। ਹਾਲਾਂਕਿ, ਪਾਕਿ ਨੇ ਅਜੇ ਤੱਕ ਇਸ ‘ਤੇ ਕੋਈ ਟਿੱਪਣੀ ਨਹੀਂ ਕੀਤੀ। ਲਿਹਾਜ਼ਾ ‘ਐਕਸ’ ਤੋਂ ਉਕਤ ਪੋਸਟ ਨੂੰ ਜ਼ਰੂਰ ਹਟਾ ਦਿੱਤਾ ਗਿਆ ਹੈ।