ਭਾਰਤ ‘ਚ ਏਸ਼ੀਆ ਕੱਪ 27 ਅਗਸਤ ਤੋਂ ਅਤੇ ਜੂਨੀਅਰ ਵਿਸ਼ਵ ਕੱਪ 28 ਨਵੰਬਰ ਤੋਂ ਹੋਵੇਗਾ ਸ਼ੁਰੂ
ਕਰਾਚੀ, 4 ਜੁਲਾਈ (ਪੰਜਾਬ ਮੇਲ)- ਪਾਕਿਸਤਾਨ ਸਪੋਰਟਸ ਬੋਰਡ (ਪੀ.ਐੱਸ.ਬੀ.) ਅਤੇ ਪਾਕਿਸਤਾਨ ਹਾਕੀ ਫੈਡਰੇਸ਼ਨ (ਪੀ.ਐੱਚ.ਐੱਫ.) ਦੇ ਸੀਨੀਅਰ ਅਧਿਕਾਰੀਆਂ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਇਸ ਸਾਲ ਭਾਰਤ ਵਿਚ ਦੋ ਵੱਡੇ ਹਾਕੀ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਸਰਕਾਰ ਤੋਂ ਮਨਜ਼ੂਰੀ ਨਹੀਂ ਮਿਲੀ ਹੈ।
ਭਾਰਤੀ ਖੇਡ ਮੰਤਰਾਲੇ ਦੇ ਇਕ ਸੂਤਰ ਨੇ ਅੱਜ ਕਿਹਾ ਕਿ ਪਾਕਿਸਤਾਨ ਦੀਆਂ ਹਾਕੀ ਟੀਮਾਂ ਨੂੰ ਅਗਲੇ ਮਹੀਨੇ ਹੋਣ ਵਾਲੇ ਏਸ਼ੀਆ ਕੱਪ ਅਤੇ ਭਾਰਤ ਵਿਚ ਹੋਣ ਵਾਲੇ ਜੂਨੀਅਰ ਵਿਸ਼ਵ ਕੱਪ ਵਿਚ ਹਿੱਸਾ ਲੈਣ ਤੋਂ ਨਹੀਂ ਰੋਕਿਆ ਜਾਵੇਗਾ ਕਿਉਂਕਿ ਉਨ੍ਹਾਂ ਨੂੰ ਬਹੁਪੱਖੀ ਮੁਕਾਬਲਿਆਂ ਤੋਂ ਰੋਕਣ ਦਾ ਕੋਈ ਵੀ ਕਦਮ ਓਲੰਪਿਕ ਚਾਰਟਰ ਦੀ ਉਲੰਘਣਾ ਕਰੇਗਾ। ਏਸ਼ੀਆ ਕੱਪ 27 ਅਗਸਤ ਤੋਂ 7 ਸਤੰਬਰ ਤੱਕ ਬਿਹਾਰ ਦੇ ਰਾਜਗਿਰ ਵਿਚ ਹੋਣਾ ਹੈ, ਜਦੋਂਕਿ ਜੂਨੀਅਰ ਵਿਸ਼ਵ ਕੱਪ 28 ਨਵੰਬਰ ਤੋਂ 10 ਦਸੰਬਰ ਤੱਕ ਚੇਨਈ ਅਤੇ ਮਦੁਰਾਈ ਵਿਚ ਹੋਵੇਗਾ। ਪੀ.ਐੱਚ.ਐੱਫ. ਦੇ ਜਨਰਲ ਸਕੱਤਰ ਰਾਣਾ ਮੁਜਾਹਿਦ ਨੇ ਕਿਹਾ ਕਿ ਉਨ੍ਹਾਂ ਨੇ ਪੀ.ਐੱਸ.ਬੀ. ਨੂੰ ਅਧਿਕਾਰਤ ਤੌਰ ‘ਤੇ ਭਾਰਤ ਵਿਚ ਟੀਮਾਂ ਭੇਜਣ ਦੀ ਮਨਜ਼ੂਰੀ ਮੰਗੀ ਹੈ, ਜਿਸ ਦੀ ਹਾਲੇ ਤੱਕ ਸਰਕਾਰੀ ਮਨਜ਼ੂਰੀ ਨਹੀਂ ਮਿਲੀ। ਦੱਸਣਾ ਬਣਦਾ ਹੈ ਕਿ ਪਹਿਲਗਾਮ ਦਹਿਸ਼ਤੀ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਦਰਮਿਆਨ ਸਬੰਧ ਵਿਗੜ ਗਏ ਸਨ।
ਪਾਕਿਸਤਾਨ ਨੂੰ ਹਾਲੇ ਤੱਕ ਭਾਰਤ ‘ਚ ਏਸ਼ੀਆ ਕੱਪ ਖੇਡਣ ਲਈ ਨਹੀਂ ਮਿਲੀ ਮਨਜ਼ੂਰੀ
