#OTHERS

ਪਾਕਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਹੋਣਗੇ ਸੈਨੇਟਰ ਅਨਵਾਰ-ਉਲ-ਹੱਕ ਕੱਕੜ

-ਰਾਸ਼ਟਰਪਤੀ ਨੇ ਕਾਰਜਕਾਰੀ ਪ੍ਰਧਾਨ ਮੰਤਰੀ ਚੁਣਨ ਲਈ ਅੱਜ ਤੱਕ ਦੀ ਮੋਹਲਤ ਦਿੱਤੀ ਸੀ
ਇਸਲਾਮਾਬਾਦ, 12 ਅਗਸਤ (ਪੰਜਾਬ ਮੇਲ)- ਸੈਨੇਟਰ ਅਨਵਾਰ-ਉਲ-ਹੱਕ ਕੱਕੜ ਨੂੰ ਅੱਜ ਇਸ ਸਾਲ ਦੇ ਅੰਤ ਵਿਚ ਹੋਣ ਵਾਲੀਆਂ ਆਮ ਚੋਣਾਂ ਦੀ ਨਿਗਰਾਨੀ ਕਰਨ ਲਈ ਪਾਕਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਵਜੋਂ ਚੁਣਿਆ ਗਿਆ। ਸਾਬਕਾ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਵਿਰੋਧੀ ਧਿਰ ਦੇ ਨੇਤਾ ਰਾਜਾ ਰਿਆਜ਼ ਨੇ ਇਸ ਮਾਮਲੇ ‘ਤੇ ਦੋ ਦੌਰ ਦੇ ਵਿਚਾਰ-ਵਟਾਂਦਰੇ ਤੋਂ ਬਾਅਦ ਉਨ੍ਹਾਂ ਦੇ ਨਾਂ ਨੂੰ ਅੰਤਿਮ ਰੂਪ ਦਿੱਤਾ।
ਬਲੋਚਿਸਤਾਨ ਅਵਾਮੀ ਪਾਰਟੀ (ਬੀ.ਏ.ਪੀ.) ਨਾਲ ਸਬੰਧਤ ਸੰਸਦ ਮੈਂਬਰ ਕੱਕੜ ਇਸ ਸਾਲ ਦੇ ਅੰਤ ਵਿਚ ਨਵੀਂ ਸਰਕਾਰ ਦੀ ਚੋਣ ਤੱਕ ਕਾਰਜਕਾਰੀ ਪ੍ਰਧਾਨ ਮੰਤਰੀ ਹੋਣਗੇ। ਇਸ ਤੋਂ ਪਹਿਲਾਂ ਰਾਸ਼ਟਰਪਤੀ ਆਰਿਫ਼ ਅਲਵੀ ਨੇ ਸਾਬਕਾ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਅਤੇ ਨੈਸ਼ਨਲ ਅਸੈਂਬਲੀ ਵਿਚ ਵਿਰੋਧੀ ਧਿਰ ਦੇ ਨੇਤਾ ਰਾਜਾ ਰਿਆਜ਼ ਨੂੰ ਕਾਰਜਕਾਰੀ ਪ੍ਰਧਾਨ ਮੰਤਰੀ ਦੀ ਨਿਯੁਕਤੀ ਲਈ ਨਾਵਾਂ ਨੂੰ ਅੰਤਿਮ ਰੂਪ ਦੇਣ ਲਈ ਅੱਜ ਤੱਕ ਦੀ ਮੋਹਲਤ ਦਿੱਤੀ ਸੀ। 9 ਅਗਸਤ ਨੂੰ ਨੈਸ਼ਨਲ ਅਸੈਂਬਲੀ ਭੰਗ ਹੋਣ ਤੋਂ ਬਾਅਦ ਸ਼ਰੀਫ ਅਤੇ ਰਿਆਜ਼ ਨੇ ਕਾਰਜਕਾਰੀ ਪ੍ਰਧਾਨ ਮੰਤਰੀ ਦੀ ਚੋਣ ਲਈ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਸੀ।

Leave a comment