ਨਵੀਂ ਦਿੱਲੀ, 12 ਜੁਲਾਈ (ਪੰਜਾਬ ਮੇਲ)- ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਅਤੇ ਸ਼੍ਰੋਮਣੀ ਅਕਾਲੀ ਦਲ ਦੀ ਅਪੀਲ ‘ਤੇ 65 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਸਿੱਖ ਤੀਰਥ ਯਾਤਰੀਆਂ ਲਈ ਵੀਜ਼ਾ ਜ਼ਰੂਰਤਾਂ ‘ਚ ਢਿੱਲ ਦਿੱਤੀ ਗਈ ਹੈ। ਜਿਸ ਦਾ ਐਲਾਨ ਦਿੱਲੀ ਅਕਾਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕੀਤਾ ਹੈ। ਇਹ ਐਲਾਨ ਨਵੀਂ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ‘ਚ ਸੀਨੀਅਰ ਡਿਪਲੋਮੈਟਾਂ ਨਾਲ ਉਨ੍ਹਾਂ ਦੀ ਬੈਠਕ ਤੋਂ ਬਾਅਦ ਕੀਤਾ ਗਿਆ। ਸਰਨਾ ਨੇ ਭਾਰਤ ਤੋਂ ਸ੍ਰੀ ਨਨਕਾਣਾ ਸਾਹਿਬ ਦੀ ਯਾਤਰਾ ਕਰਨ ਵਾਲੇ ਸਿੱਖ ਸ਼ਰਧਾਲੂਆਂ ਲਈ ਆਗਮਨ ‘ਤੇ ਵੀਜ਼ਾ (ਵੀਜ਼ਾ-ਆਨ-ਅਰਾਈਵਲ) ਸਹੂਲਤ ‘ਤੇ ਵੀ ਚਰਚਾ ਕੀਤੀ। ਸਰਨਾ ਨੇ ਕਿਹਾ, ”ਆਗਮਨ ‘ਤੇ ਵੀਜ਼ੇ (ਵੀਜ਼ਾ-ਆਨ-ਅਰਾਈਵਲ) ਦੀ ਸਾਡੀ ਅਪੀਲ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਸੀਨੀਅਰ ਨਾਗਰਿਕਾਂ ਦੀ ਅਗਵਾਈ ਵਾਲੇ ਤੀਰਥ ਯਾਤਰੀ ਪਰਿਵਾਰਾਂ ਲਈ ਵੀਜ਼ਾ ਪਾਬੰਦੀਆਂ ‘ਚ ਢਿੱਲ ਦਿੱਤੀ ਹੈ।”
ਸਰਨਾ ਨੇ ਕਿਹਾ, ”ਇਹ ਸਾਡੇ ਭਾਈਚਾਰੇ ਲਈ ਖੁਸ਼ੀ ਦੀ ਖ਼ਬਰ ਹੈ। 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਵਿਅਕਤੀ ਹੁਣ ਕਿਸੇ ਵੀ ਸਮੇਂ ਪਾਕਿਸਤਾਨ ਹਾਈ ਕਮਿਸ਼ਨ ‘ਚ ਆਪਣੇ ਦਸਤਾਵੇਜ਼ ਜਮ੍ਹਾ ਕਰ ਸਕਦੇ ਹਨ ਅਤੇ ਆਪਣੇ ਪਰਿਵਾਰਾਂ ਨਾਲ ਸਿੱਖ ਪਵਿੱਤਰ ਸਥਾਨਾਂ ਦੀ ਯਾਤਰਾ ਕਰ ਸਕਦੇ ਹਨ। ਪਹਿਲੇ ਇਸ ਤਰ੍ਹਾਂ ਦੀਆਂ ਯਾਤਰਾਵਾਂ ਸੰਗਠਿਤ ਸਮੂਹਾਂ ਨਾਲ ਸਾਲ ‘ਚ ਚਾਰ ਵਾਰ ਤੱਕ ਸੀਮਿਤ ਸਨ। ਇਸ ਤਬਦੀਲੀ ਨਾਲ ਸਾਡੇ ਬਜ਼ੁਰਗ ਸਿੱਖਾਂ ਨੂੰ ਬਹੁਤ ਲਾਭ ਹੋਵੇਗਾ।” ਉਨ੍ਹਾਂ ਨੇ ਯੋਗ ਲੋਕਾਂ ਨੂੰ ਆਪਣੇ ਪਾਸਪੋਰਟ ਗੁਰਦੁਆਰਾ ਰਕਾਬ ਗੰਜ ਸਾਹਿਬ ‘ਚ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਦਫ਼ਤਰ ‘ਚ ਜਮ੍ਹਾਂ ਕਰਨ ਲਈ ਉਤਸ਼ਾਹਤ ਕੀਤਾ, ਤਾਂ ਕਿ ਉਨ੍ਹਾਂ ਦੀਆਂ ਯਾਤਰਾ ਯੋਜਨਾਵਾਂ ‘ਚ ਪੂਰੀ ਮਦਦ ਮਿਲ ਸਕੇ। ਐੱਸ.ਜੀ.ਪੀ.ਸੀ. ਅਤੇ ਸ਼੍ਰੋਮਣੀ ਅਕਾਲੀ ਦਲ ਦਾ ਦਿੱਲੀ ਦਫ਼ਤਰ ਪਾਕਿਸਤਾਨ ਹਾਈ ਕਮਿਸ਼ਨ ਤੋਂ ਪਰਿਵਾਰਕ ਵੀਜ਼ਾ ਸਹੂਲਤ ਪ੍ਰਾਪਤ ਕਰਨ ਲਈ ਮੰਚ ਵਜੋਂ ਕੰਮ ਕਰੇਗਾ। ਸਰਨਾ ਨੇ ਕਿਹਾ, ”ਸਾਡੀਆਂ ਜੜ੍ਹਾਂ ਪੱਛਮੀ ਪੰਜਾਬ ਨਾਲ ਡੂੰਘਾਈ ਨਾਲ ਜੁੜੀਆਂ ਹੋਈਆਂ ਹਨ ਅਤੇ ਇਹ ਪਹਿਲ ਸਾਨੂੰ ਉਨ੍ਹਾਂ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਸਾਡੀ ਖੁਸ਼ਹਾਲ ਵਿਰਾਸਤ ਦੀ ਸ਼ਲਾਘਾ ਕਰਨ ਦਾ ਮੌਕਾ ਦਿੰਦੀ ਹੈ। ਅਸੀਂ ਇਸ ਪ੍ਰਗਤੀਸ਼ੀਲ ਕਦਮ ਲਈ ਪਾਕਿਸਤਾਨੀ ਸਰਕਾਰ ਦੇ ਪ੍ਰਤੀ ਧੰਨਵਾਦ ਜ਼ਾਹਰ ਕਰਦੇ ਹਾਂ।” ਉਨ੍ਹਾਂ ਕਹਾ ਕਿ ਇਹ ਕਦਮ ਧਾਰਮਿਕ ਤੀਰਥ ਯਾਤਰਾਵਾਂ ਨੂੰ ਸੁਵਿਧਾਜਨਕ ਬਣਾਉਣ ਅਤੇ ਸਰਹੱਦ ਪਾਰ ਸੰਬੰਧਾਂ ਨੂੰ ਵਧਾਉਣ ‘ਚ ਇਕ ਮਹੱਤਵਪੂਰਨ ਕਦਮ ਹੈ।