ਡਰਾਈਵਰ ਨੇ ਦਿੱਤਾ ਵਾਰਦਾਤ ਨੂੰ ਅੰਜਾਮ
ਇਸਲਾਮਾਬਾਦ, 9 ਮਾਰਚ (ਪੰਜਾਬ ਮੇਲ)- ਪਾਕਿਸਤਾਨ ਦੇ ਸਿੰਧ ਸੂਬੇ ਵਿਚ ਹੋਲੀ ਮੌਕੇ ਇਕ ਹਿੰਦੂ ਡਾਕਟਰ ਦਾ ਕਤਲ ਕਰ ਦਿੱਤਾ ਗਿਆ। ਦਾਅਵਾ ਹੈ ਕਿ ਡਾਕਟਰ ਦੇ ਹੀ ਡਰਾਈਵਰ ਨੇ ਕਤਲ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਪਾਕਿਸਤਾਨ ਦੀ ਡਾਨ ਨਿਊਜ਼ ਵੈੱਬਸਾਈਟ ਨੇ ਐੱਸ.ਐੱਸ.ਪੀ. ਅਮਜਦ ਸ਼ੇਖ ਦੇ ਹਵਾਲੇ ਨਾਲ ਦੱਸਿਆ ਕਿ ਡਾਕਟਰ ਧਰਮ ਦੇਵ ਰਾਠੀ ਦੀ ਉਨ੍ਹਾਂ ਦੇ ਡਰਾਈਵਰ ਹਨੀਫ ਲੇਘਾਰੀ ਨੇ ਹੱਤਿਆ ਕੀਤੀ ਤੇ ਉਥੋਂ ਫਰਾਰ ਹੋ ਗਿਆ। ਪਾਕਿਸਤਾਨ ਦੇ ਗੈਰ-ਮੁਸਲਿਮ ਖੇਤਰ ਤੋਂ ਸੰਸਦ ਮੈਂਬਰ ਕੇ.ਐੱਸ. ਕੋਹਿਸਤਾਨੀ ਨੇ ਵੀ ਇਸ ਕਤਲ ਦੀ ਨਿੰਦਾ ਕੀਤੀ ਹੈ।
ਉਨ੍ਹਾਂ ਟਵੀਟ ਕੀਤਾ ਕਿ ਮੈਂ ਹੋਲੀ ਦੀ ਪਹਿਲੀ ਸ਼ਾਮ ਮੰਨੇ-ਪ੍ਰਮੰਨੇ ਹਿੰਦੂ ਡਾਕਟਰ ਧਰਮ ਦੇਵ ਰਾਠੀ ਦੇ ਕਤਲ ਦੀ ਨਿੰਦਾ ਕਰਦਾ ਹਾਂ। ਐੱਸ.ਐੱਸ.ਪੀ. ਅਮਜਦ ਸ਼ੇਖ ਨੇ ਪੁਸ਼ਟੀ ਕੀਤੀ ਹੈ ਕਿ ਰਾਠੀ ਦੇ ਡਰਾਈਵਰ ਨੇ ਉਨ੍ਹਾਂ ਦੀ ਹੱਤਿਆ ਕੀਤੀ ਹੈ। ਮੁਲਜ਼ਮ ਨੂੰ ਫੜਨ ਲਈ ਪੁਲਿਸ ਸੰਭਾਵਿਤ ਟਿਕਾਣਿਆਂ ‘ਤੇ ਛਾਪੇ ਮਾਰ ਰਹੀ ਹੈ। ਰਸੋਈਏ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਵਾਰਦਾਤ ਤੋਂ ਪਹਿਲਾਂ ਡਾਕਟਰ ਤੇ ਡਰਾਈਵਰ ਦੇ ਵਿਚ ਬਹਿਸ ਹੋਈ ਸੀ।
ਰਸੋਈਏ ਨੇ ਪੁਲਿਸ ਨੂੰ ਦੱਸਿਆ ਕਿ ਡਰਾਈਵਰ ਲੇਘਾਰੀ ਖੈਰਪੁਰ ਮਿਸਰ ਦਾ ਰਹਿਣ ਵਾਲਾ ਹੈ, ਜੋ ਕਿ ਹਿੰਦੂ ਡਾਕਟਰ ਦੇ ਕਤਲ ਦੇ ਬਾਅਦ ਤੋਂ ਫਰਾਰ ਹੈ। ਹੁਣ ਤੱਕ ਸਾਹਮਣੇ ਆਈ ਜਾਂਚ ਵਿਚ ਹੱਤਿਆ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਘਟਨਾ ਦੇ ਬਾਅਦ ਤੋਂ ਹੀ ਡਾਕਟਰ ਦਾ ਰਸੋਈਆ ਸਦਮੇ ਵਿਚ ਹੈ ਅਤੇ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਡਾ. ਦੇਵ ਰਾਠੀ ਸਿਹਤ ਵਿਭਾਗ ਤੋਂ ਰਿਟਾਇਰਡ ਸਨ ਤੇ ਉਨ੍ਹਾਂ ਦਾ ਪਰਿਵਾਰ ਅਮਰੀਕਾ ਵਿਚ ਰਹਿੰਦਾ ਹੈ।