#OTHERS

ਪਾਕਿਸਤਾਨ ‘ਚ ਹਿੰਦੂਆਂ ਦੀ ਆਬਾਦੀ 38 ਲੱਖ

-ਪਾਕਿਸਤਾਨ ‘ਚ ਸਭ ਤੋਂ ਵੱਡਾ ਘੱਟ ਗਿਣਤੀ ਸਮੂਹ ਬਣਿਆ
ਇਸਲਾਮਾਬਾਦ,  19 ਜੁਲਾਈ (ਪੰਜਾਬ ਮੇਲ)- ਪਾਕਿਸਤਾਨ ਵਿਚ ਹਿੰਦੂਆਂ ਦੀ ਆਬਾਦੀ 2017 ਵਿਚ 35 ਲੱਖ ਤੋਂ ਵੱਧ ਕੇ 2023 ਵਿਚ 38 ਲੱਖ ਹੋ ਗਈ, ਜਿਸ ਨਾਲ ਉਹ ਇਸ ਇਸਲਾਮਿਕ ਰਾਸ਼ਟਰ ਵਿਚ ਸਭ ਤੋਂ ਵੱਡਾ ਘੱਟ ਗਿਣਤੀ ਸਮੂਹ ਬਣ ਗਿਆ ਹੈ। ਇਹ ਜਾਣਕਾਰੀ ਪਿਛਲੇ ਸਾਲ ਦੀ ਜਨਗਣਨਾ ਦੇ ਅਧਿਕਾਰਤ ਅੰਕੜਿਆਂ ਤੋਂ ਮਿਲੀ ਹੈ। ‘ਡਾਨ’ ਅਖ਼ਬਾਰ ਦੀ ਰਿਪੋਰਟ ਅਨੁਸਾਰ ਪਾਕਿਸਤਾਨ ਬਿਊਰੋ ਆਫ ਸਟੈਟਿਸਟਿਕਸ (ਪੀ.ਬੀ.ਐੱਸ.) ਨੇ ਵੀਰਵਾਰ ਨੂੰ 7ਵੀਂ ਆਬਾਦੀ ਅਤੇ ਰਿਹਾਇਸ਼ ਜਨਗਣਨਾ 2023 ਦੇ ਨਤੀਜੇ ਜਾਰੀ ਕੀਤੇ।
2023 ਵਿਚ ਪਾਕਿਸਤਾਨ ਦੀ ਕੁੱਲ ਆਬਾਦੀ 2,40,458,089 ਸੀ। ਇਹ ਦਰਸਾਉਂਦਾ ਹੈ ਕਿ ਕੁੱਲ ਆਬਾਦੀ ਵਿਚ ਮੁਸਲਮਾਨਾਂ ਦਾ ਹਿੱਸਾ 2017 ਵਿਚ 96.47 ਪ੍ਰਤੀਸ਼ਤ ਤੋਂ ਥੋੜ੍ਹਾ ਘੱਟ ਕੇ 2023 ਵਿਚ 96.35 ਪ੍ਰਤੀਸ਼ਤ ਰਹਿ ਗਿਆ, ਜਦੋਂਕਿ ਪਿਛਲੇ ਛੇ ਸਾਲਾਂ ਵਿਚ ਸਾਰੀਆਂ ਪ੍ਰਮੁੱਖ ਧਾਰਮਿਕ ਘੱਟ ਗਿਣਤੀਆਂ ਦੀ ਆਬਾਦੀ ਵਿਚ ਵਾਧਾ ਹੋਇਆ ਹੈ। ਹਿੰਦੂਆਂ ਦੀ ਆਬਾਦੀ 2017 ‘ਚ 35 ਲੱਖ ਤੋਂ ਵਧ ਕੇ 2023 ਵਿਚ 38 ਲੱਖ ਹੋ ਗਈ, ਪਰ ਕੁੱਲ ਆਬਾਦੀ ਵਿਚ ਉਨ੍ਹਾਂ ਦਾ ਹਿੱਸਾ 1.73 ਤੋਂ ਘੱਟ ਕੇ 1.61 ਫ਼ੀਸਦੀ ਰਹਿ ਗਿਆ ਹੈ। ਇਹ ਦਰਸਾਉਂਦਾ ਹੈ ਕਿ ਹੋਰ ਘੱਟ ਗਿਣਤੀ ਭਾਈਚਾਰਿਆਂ ਦੀ ਆਬਾਦੀ ਤੇਜ਼ੀ ਨਾਲ ਵਧੀ ਹੈ।
ਈਸਾਈਆਂ ਦੀ ਆਬਾਦੀ ਵੀ 26 ਲੱਖ ਤੋਂ ਵਧ ਕੇ 33 ਲੱਖ ਹੋ ਗਈ ਹੈ। ਕੁੱਲ ਆਬਾਦੀ ਵਿਚ ਈਸਾਈਆਂ ਦੀ ਹਿੱਸੇਦਾਰੀ 1.27 ਤੋਂ ਵਧ ਕੇ 1.37 ਫੀਸਦੀ ਹੋ ਗਈ ਹੈ। ਅਹਿਮਦੀਆਂ ਦੀ ਅਸਲ ਆਬਾਦੀ ਦੇ ਨਾਲ-ਨਾਲ ਕੁੱਲ ਆਬਾਦੀ ਵਿਚ ਉਨ੍ਹਾਂ ਦਾ ਹਿੱਸਾ ਵੀ ਘਟਿਆ ਹੈ। ਉਨ੍ਹਾਂ ਦੇ ਭਾਈਚਾਰੇ ਦੀ ਆਬਾਦੀ 2017 ਵਿਚ 1,91,737 (ਕੁੱਲ ਆਬਾਦੀ ਦਾ 0.09 ਪ੍ਰਤੀਸ਼ਤ) ਤੋਂ 29,053 ਘਟ ਕੇ 162,684 (ਕੁੱਲ ਆਬਾਦੀ ਦਾ 0.07 ਪ੍ਰਤੀਸ਼ਤ) ਰਹਿ ਗਈ। ਸਿੱਖ ਭਾਈਚਾਰੇ ਦੀ ਆਬਾਦੀ 15,998 ਅਤੇ ਪਾਰਸੀ ਭਾਈਚਾਰੇ ਦੀ 2,348 ਸੀ।
ਅੰਕੜੇ ਦਰਸਾਉਂਦੇ ਹਨ ਕਿ ਦੇਸ਼ ਦੀ ਆਬਾਦੀ 2017 ਵਿਚ ਲਗਭਗ 20.76 ਕਰੋੜ ਤੋਂ ਵੱਧ ਕੇ 2023 ਵਿਚ 2.55 ਪ੍ਰਤੀਸ਼ਤ ਦੀ ਵਾਧਾ ਦਰ ਨਾਲ ਲਗਭਗ 24.14 ਕਰੋੜ ਹੋ ਜਾਵੇਗੀ। ਅੰਕੜੇ ਦੱਸਦੇ ਹਨ ਕਿ ਇਸ ਦਰ ਨਾਲ 2050 ਤੱਕ ਪਾਕਿਸਤਾਨ ਦੀ ਆਬਾਦੀ ਦੁੱਗਣੀ ਹੋ ਜਾਣ ਦੀ ਸੰਭਾਵਨਾ ਹੈ। ਆਬਾਦੀ ਦੇ ਵਿਭਾਜਨ ਅਨੁਸਾਰ ਪੁਰਸ਼ਾਂ ਦੀ ਕੁੱਲ ਸੰਖਿਆ 12.432 ਕਰੋੜ ਸੀ, ਜਦੋਂ ਕਿ ਔਰਤਾਂ ਦੀ ਗਿਣਤੀ 11.715 ਕਰੋੜ ਦਰਜ ਕੀਤੀ ਗਈ ਸੀ। ਲਿੰਗ ਅਨੁਪਾਤ 1.06 ਸੀ, ਜਦੋਂਕਿ ਟ੍ਰਾਂਸਜੈਂਡਰ ਆਬਾਦੀ 20,331 ਦੱਸੀ ਗਈ ਸੀ। ਅੰਕੜੇ ਦਰਸਾਉਂਦੇ ਹਨ ਕਿ 2023 ਵਿਚ ਕੁੱਲ ਆਬਾਦੀ ਦਾ 67 ਪ੍ਰਤੀਸ਼ਤ 30 ਸਾਲ ਤੋਂ ਘੱਟ ਉਮਰ ਦੇ ਸੀ ਅਤੇ 80 ਪ੍ਰਤੀਸ਼ਤ ਆਬਾਦੀ 40 ਸਾਲ ਤੋਂ ਘੱਟ ਸੀ। 67 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕ ਕੁੱਲ ਆਬਾਦੀ ਦਾ ਸਿਰਫ਼ 3.55 ਪ੍ਰਤੀਸ਼ਤ ਸਨ। 2017 ਵਿਚ ਕੁੱਲ ਆਬਾਦੀ ਦਾ 66.12 ਫ਼ੀਸਦੀ ਵਿਆਹਿਆ ਹੋਇਆ ਸੀ, ਜਦੋਂਕਿ 2023 ਵਿਚ ਇਹ ਅੰਕੜਾ 64.79 ਦਰਜ ਕੀਤਾ ਗਿਆ ਸੀ।