#OTHERS

ਪਾਕਿਸਤਾਨ ‘ਚ ਪਹਿਲੀ ਹਿੰਦੂ ਲੜਕੀ ਸਹਾਇਕ ਕਮਿਸ਼ਨਰ ਤੇ ਪ੍ਰਸ਼ਾਸਕ ਨਿਯੁਕਤ

ਲਾਹੌਰ, 14 ਫਰਵਰੀ (ਪੰਜਾਬ ਮੇਲ)- ਪਾਕਿਸਤਾਨ ਦੀ ਪਹਿਲੀ ਹਿੰਦੂ ਮਹਿਲਾ ਲੋਕਸੇਵਕ ਕਹੀ ਜਾਣ ਵਾਲੀ ਇਕ ਡਾਕਟਰ ਨੂੰ ਪੰਜਾਬ ਸੂਬੇ ਦੇ ਹਸਨਅਬਦਾਲ ਸ਼ਹਿਰ ਵਿਚ ਸਹਾਇਕ ਕਮਿਸ਼ਨਰ ਤੇ ਪ੍ਰਸ਼ਾਸਕ ਵਜੋਂ ਨਿਯੁਕਤ ਕੀਤਾ ਗਿਆ ਹੈ। ਇਹ ਸ਼ਹਿਰ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ। ਮੀਡੀਆ ‘ਚ ਸੋਮਵਾਰ ਨੂੰ ਆਈਆਂ ਖ਼ਬਰਾਂ ਤੋਂ ਇਹ ਜਾਣਕਾਰੀ ਮਿਲੀ। ਡਾਕਟਰ ਸਨਾ ਰਾਮਚੰਦ ਗੁਲਵਾਨੀ (27) ਸੈਂਟਰਲ ਸਪੀਰੀਅਰ ਸਰਵਿਸਿਜ਼ (ਸੀ.ਐੱਸ.ਐੱਸ.) ਪ੍ਰੀਖਿਆ 2020 ਪਾਸ ਕਰਨ ਤੋਂ ਬਾਅਦ ਪਾਕਿਸਤਾਨ ਪ੍ਰਸ਼ਾਸਨਿਕ ਸੇਵਾ (ਪੀ.ਏ.ਐੱਸ) ‘ਚ ਸ਼ਾਮਲ ਹੋਈਆਂ।
‘ਡਾੱਨ’ ਅਖ਼ਬਾਰ ਨੇ ਦੱਸਿਆ ਕਿ ਉਨ੍ਹਾਂ ਨੇ ਅਟਕ ਜ਼ਿਲ੍ਹੇ ਦੇ ਹਸਨਅਬਦਾਲ ਸ਼ਹਿਰ ਦੇ ਸਹਾਇਕ ਕਮਿਸ਼ਨਰ ਤੇ ਪ੍ਰਸ਼ਾਸਕ ਦੇ ਰੂਪ ਵਿਚ ਅਹੁਦਾ ਸੰਭਾਲਿਆ। ‘ਦ ਐਕਸਪ੍ਰੈੱਸ ਟ੍ਰਿਬਿਊਨ’ ਅਖ਼ਬਾਰ ਨੇ ਕਿਹਾ ਕਿ ਗੁਲਵਾਨੀ ਨੇ ਆਪਣੀ ਪਹਿਲੀ ਕੋਸ਼ਿਸ਼ ਵਿਚ ਪ੍ਰੀਖਿਆ ਪਾਸ ਕੀਤੀ ਅਤੇ ਹਿੰਦੂ ਭਾਈਚਾਰੇ ਦੇ ਕਈ ਵਰਕਰਾਂ ਮੁਤਾਬਕ ਵੰਡ ਤੋਂ ਬਾਅਦ ਤੋਂ ਪ੍ਰੀਖਿਆ ਪਾਸ ਕਰਨ ਵਾਲੀ ਉਹ ਪਹਿਲੀ ਪਾਕਿਸਤਾਨੀ ਔਰਤ ਹੈ।
ਖ਼ਬਰ ਵਿਚ ਕਿਹਾ ਗਿਆ ਹੈ ਕਿ ਸਿੰਧ ਪ੍ਰਾਂਤ ਦੇ ਸ਼ਿਕਾਰਪੁਰ ਸ਼ਹਿਰ ਦੀ ਜੰਮਪਲ਼ ਗੁਲਵਾਨੀ ਸੰਘ ਲੋਕ ਸੇਵਾ ਕਮਿਸ਼ਨ ਦੀ ਪ੍ਰੀਖਿਆ ‘ਚ ਸ਼ਾਮਲ ਹੋਣ ਤੋਂ ਪਹਿਲਾਂ ਆਪਣੇ ਮਾਪਿਆਂ ਦੀ ਖਵਾਹਿਸ਼ ਮੁਤਾਬਕ ਡਾਕਟਰ ਬਣੀ। ਗੁਲਵਾਨੀ ਨੇ ਆਪਣੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਕਿਹਾ ਸੀ, ”ਮੈਨੂੰ ਨਹੀਂ ਪਤਾ ਕਿ ਮੈਂ ਪਹਿਲੀ ਹਾਂ, ਪਰ ਆਪਣੇ ਭਾਈਚਾਰੇ ਤੋਂ ਕਿਸੇ ਔਰਤ ਦੇ ਪ੍ਰੀਖਿਆ ਵਿਚ ਸ਼ਾਮਲ ਹੋਣ ਬਾਰੇ ਕਦੀ ਨਹੀਂ ਸੁਣਿਆ।”

Leave a comment