#OTHERS

ਪਾਕਿਸਤਾਨ ‘ਚ ਨਵਾਂ ਬਣਿਆ ਹਵਾਈ ਅੱਡਾ ਬਣਿਆ ਰਹੱਸ!

ਗਵਾਦਰ (ਪਾਕਿਸਤਾਨ), 24 ਫਰਵਰੀ (ਪੰਜਾਬ ਮੇਲ)- ਗਵਾਦਰ (ਪਾਕਿਸਤਾਨ) ਵਿਚ ਨਵਾਂ ਬਣਿਆ ਅਤੇ ਸਭ ਤੋਂ ਮਹਿੰਗਾ ਹਵਾਈ ਅੱਡਾ ਇਸ ਵੇਲੇ ਵੱਡਾ ਰਹੱਸ ਬਣਿਆ ਹੋਇਆ ਹੈ, ਜਿੱਥੇ ਨਾ ਤਾਂ ਕੋਈ ਹਵਾਈ ਜਹਾਜ਼ ਹੈ ਅਤੇ ਨਾ ਹੀ ਕੋਈ ਯਾਤਰੀ ਹੈ। ਚੀਨ ਵੱਲੋਂ ਪੂਰੀ ਤਰ੍ਹਾਂ 240 ਮਿਲੀਅਨ ਅਮਰੀਕੀ ਡਾਲਰ ਦੀ ਲਾਗਤ ਨਾਲ ਬਣਿਆ ਇਹ ਨਵਾਂ ਗਵਾਦਰ ਕੌਮਾਂਤਰੀ ਹਵਾਈ ਅੱਡਾ ਕਦੋਂ ਕਾਰੋਬਾਰ ਲਈ ਖੁੱਲ੍ਹੇਗਾ, ਕਿਸੇ ਨੂੰ ਕੋਈ ਅੰਦਾਜ਼ਾ ਨਹੀਂ ਹੈ।
ਗਵਾਦਰ ਸ਼ਹਿਰ ਵਿਚ ਅਕਤੂਬਰ, 2024 ਵਿਚ ਬਣ ਕੇ ਤਿਆਰ ਹੋਇਆ ਇਹ ਹਵਾਈ ਅੱਡਾ ਇਸ ਦੇ ਨੇੜਲੇ ਗਰੀਬ ਅਤੇ ਅਸ਼ਾਂਤ ਦੱਖਣ-ਪੱਛਮੀ ਬਲੋਚਿਸਤਾਨ ਸੂਬੇ ਤੋਂ ਬਿਲਕੁਲ ਵੱਖਰਾ ਹੈ।
ਚੀਨ ਪਿਛਲੇ ਇੱਕ ਦਹਾਕੇ ਤੋਂ ‘ਚੀਨ-ਪਾਕਿਸਤਾਨ ਆਰਥਿਕ ਗਲਿਆਰੇ’ ਜਾਂ ਸੀ.ਪੀ.ਈ.ਸੀ. ਪ੍ਰਾਜੈਕਟ ਤਹਿਤ ਬਲੋਚਿਸਤਾਨ ਅਤੇ ਗਵਾਧਰ ਵਿਚ ਅਰਬਾਂ ਡਾਲਰ ਦਾ ਨਿਵੇਸ਼ ਕਰ ਰਿਹਾ ਹੈ। ਇਹ ਪ੍ਰਾਜੈਕਟ ਉਸ ਦੇ ਪੱਛਮੀ ਸ਼ਿਨਜਿਆਂਗ ਸੂਬੇ ਨੂੰ ਅਰਬ ਸਾਗਰ ਨਾਲ ਜੋੜਦਾ ਹੈ। ਅਥਾਰਿਟੀਜ਼ ਨੇ ਇਸ ਨੂੰ ਤਬਦੀਲੀ ਦਾ ਸਬੂਤ ਦੱਸਦਿਆਂ ਹਵਾਈ ਅੱਡੇ ਦੀ ਪ੍ਰਸ਼ੰਸ਼ਾ ਕੀਤੀ ਹੈ ਪਰ ਗਵਾਦਰ ਵਿਚ ਕੋਈ ਖ਼ਾਸ ਬਦਲਾਅ ਦਿਖਾਈ ਨਹੀਂ ਦੇ ਰਿਹਾ ਹੈ। ਸ਼ਹਿਰ ਕੌਮੀ ਗਰਿੱਡ ਨਾਲ ਜੁੜਿਆ ਨਹੀਂ ਹੈ, ਬਿਜਲੀ ਗੁਆਂਢੀ ਇਰਾਨ ਜਾਂ ਸੋਲਰ ਪੈਨਲ ਤੋਂ ਆਉਂਦੀ ਹੈ ਅਤੇ ਇੱਥੇ ਪੀਣ ਲਈ ਸ਼ੁੱਧ ਪਾਣੀ ਵੀ ਨਹੀਂ ਹੈ। ਸ਼ਹਿਰ ਦੇ 90,000 ਲੋਕਾਂ ਲਈ 4,00,000 ਯਾਤਰੀਆਂ ਦੀ ਸਮਰੱਥਾ ਵਾਲੇ ਹਵਾਈ ਅੱਡੇ ਦੀ ਲੋੜ ਨਹੀਂ ਹੈ।
ਪਾਕਿਸਤਾਨ-ਚੀਨ ਸਬੰਧਾਂ ਦੇ ਮਾਹਿਰ ਅਤੇ ਕੌਮਾਂਤਰੀ ਸਬੰਧ ਵਿਸ਼ੇਸ਼ਕ ਅਜ਼ੀਮ ਖ਼ਾਲਿਦ ਨੇ ਕਿਹਾ, ”ਇਹ ਹਵਾਈ ਅੱਡਾ ਪਾਕਿਸਤਾਨ ਜਾਂ ਗਵਾਦਰ ਲਈ ਨਹੀਂ ਹੈ। ਇਹ ਚੀਨ ਲਈ ਹੈ, ਤਾਂ ਕਿ ਉਹ ਆਪਣੇ ਨਾਗਰਿਕਾਂ ਨੂੰ ਗਵਾਦਰ ਅਤੇ ਬਲੋਚਿਸਤਾਨ ਤੱਕ ਸੁਰੱਖਿਅਤ ਪਹੁੰਚ ਮੁਹੱਈਆ ਕਰਵਾ ਸਕੇ।”