-ਸਰਬਜੀਤ ਕੌਰ ਦੀ ਇੱਕ ਨਵੀਂ ਵੀਡੀਓ ਸਾਹਮਣੇ ਆਈ
ਚੰਡੀਗੜ੍ਹ, 21 ਮਾਰਚ (ਪੰਜਾਬ ਮੇਲ)- ਸਿੱਖ ਸ਼ਰਧਾਲੂਆਂ ਦੇ ਨਾਲ ਪਾਕਿਸਤਾਨ ਜਾ ਕੇ ਨਿਕਾਹ ਕਰਵਾਉਣ ਵਾਲੀ ਪੰਜਾਬੀ ਔਰਤ ਸਰਬਜੀਤ ਕੌਰ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ। ਇਹ ਵੀਡੀਓ ਟਿਕਟਾਕ ‘ਤੇ ਬਣਾਇਆ ਗਿਆ ਹੈ, ਜਿਸ ਵਿਚ ਸਰਬਜੀਤ ਆਪਣੇ ਮੁਸਲਿਮ ਪਤੀ ਨਾਸਿਰ ਹੁਸੈਨ ਨਾਲ ਦਿਖਾਈ ਦੇ ਰਹੀ ਹੈ। ਕਥਿਤ ਵਾਇਰਲ ਵੀਡੀਓ ਵਿਚ ਸਰਬਜੀਤ ਕੌਰ ਦਾ ਪਤੀ ਟਿਕਟਾਕ ‘ਤੇ ਕਿਸੇ ਨਾਲ ਗੱਲ ਕਰਦਾ ਦਿਖਾਈ ਦਿੰਦਾ ਹੈ ਅਤੇ ਇਸ ਵਿਚ ਸਰਬਜੀਤ ਕੌਰ ਇੱਕ ਵਿਅਕਤੀ ਨੂੰ ਵੀਡੀਓ ‘ਚ ਜਵਾਬ ਦੇਣ ਮੌਕੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਦੀ ਹੈ।
ਵੀਡੀਓ ‘ਚ ਸਰਬਜੀਤ ਸਿੱਖਾਂ ਬਾਰੇ ਬਹੁਤ ਹੀ ਅਪਮਾਨਜਨਕ ਟਿੱਪਣੀਆਂ ਕਰਦੀ ਦਿਖਾਈ ਦੇ ਰਹੀ ਹੈ। ਉਹ ਸਿੱਖਾਂ ਦੇ ਪਾਕਿਸਤਾਨ ਜਾਣ ‘ਤੇ ਸਵਾਲ ਉਠਾਉਂਦੀ ਹੈ ਤੇ ਕਹਿੰਦੀ ਹੈ ਕਿ ਜੇ ਪਾਕਿਸਤਾਨੀ ਇਕੱਠੇ ਹੋ ਜਾਣ ਤਾਂ ਇਨ੍ਹਾਂ ਦੀ ਰੋਜ਼ੀ-ਰੋਟੀ ਬੰਦ ਹੋ ਜਾਵੇ।
ਸਰਬਜੀਤ ਦੇ ਪਹਿਲੇ ਪੰਜਾਬੀ ਐੱਨ.ਆਰ.ਆਈ. ਪਤੀ ਕਰਨੈਲ ਸਿੰਘ ਨੇ ਵੀ ਲਾਹੌਰ ਹਾਈ ਕੋਰਟ ਵਿਚ ਇੱਕ ਪਟੀਸ਼ਨ ਦਾਇਰ ਕੀਤੀ ਹੋਈ ਹੈ, ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨੀ ਨਾਸਿਰ ਹੁਸੈਨ ਨੇ ਸਰਬਜੀਤ ਨੂੰ ਪਾਕਿਸਤਾਨ ਆਉਣ ਲਈ ਬਲੈਕਮੇਲ ਕੀਤਾ ਅਤੇ ਫਿਰ ਉਸ ਨਾਲ ਜ਼ਬਰਦਸਤੀ ਨਿਕਾਹ ਕੀਤਾ। ਉਸ ਨੇ ਨਾਸਿਰ ਵਿਰੁੱਧ ਹਾਈ ਕੋਰਟ ਵਿਚ ਬਲਾਤਕਾਰ ਦਾ ਕੇਸ ਦਾਇਰ ਕੀਤਾ ਹੈ ਅਤੇ ਸਰਬਜੀਤ ਦੀ ਭਾਰਤ ਵਾਪਸੀ ਦੀ ਮੰਗ ਕੀਤੀ ਹੈ।
ਪਾਕਿਸਤਾਨ ਗਈ ਸਰਬਜੀਤ ਕੌਰ ਸਿੱਖਾਂ ਪ੍ਰਤੀ ਇਤਰਾਜ਼ਯੋਗ ਟਿੱਪਣੀਆਂ ਕਾਰਨ ਮੁੜ ਚਰਚਾ ‘ਚ

