ਤਰਨਤਾਰਨ ਪੁਲਿਸ ਵੱਲੋਂ ਕੀਤਾ ਗਿਆ ਗ੍ਰਿਫ਼ਤਾਰ
ਅੰਮ੍ਰਿਤਸਰ, 4 ਜੂਨ (ਪੰਜਾਬ ਮੇਲ)- ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਯੂਨਿਟ ਅਤੇ ਤਰਨਤਾਰਨ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਵਿਚ ਆਪ੍ਰੇਸ਼ਨ ਸਿੰਦੂਰ ਬਾਰੇ ਜਾਣਕਾਰੀ ਪਾਕਿਸਤਾਨੀ ਆਈ.ਐੱਸ.ਆਈ. ਏਜੰਟਾਂ ਨੂੰ ਭੇਜਣ ਵਾਲੇ ਇੱਕ ਜਾਸੂਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ੀ ਦੀ ਪਛਾਣ ਗਗਨਦੀਪ ਸਿੰਘ ਉਰਫ਼ ਗਗਨ ਵਜੋਂ ਹੋਈ ਹੈ, ਜੋ ਕਿ ਮੁਹੱਲਾ ਰੋਡੂਪੁਰ ਗਲੀ ਨਜ਼ਰ ਸਿੰਘ ਵਾਲੀ, ਤਰਨਤਾਰਨ ਦਾ ਰਹਿਣ ਵਾਲਾ ਹੈ।
ਦੋਸ਼ੀ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਨੂੰ ਸੰਵੇਦਨਸ਼ੀਲ ਫੌਜੀ ਜਾਣਕਾਰੀ ਪ੍ਰਦਾਨ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਡੀ.ਜੀ.ਪੀ. ਗੌਰਵ ਯਾਦਵ ਦੇ ਅਨੁਸਾਰ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗਗਨਦੀਪ ਸਿੰਘ ਪਿਛਲੇ ਪੰਜ ਸਾਲਾਂ ਤੋਂ ਪਾਕਿਸਤਾਨ ਸਥਿਤ ਖਾਲਿਸਤਾਨੀ ਸਮਰਥਕ ਗੋਪਾਲ ਸਿੰਘ ਚਾਵਲਾ ਦੇ ਸੰਪਰਕ ਵਿਚ ਸੀ।
ਚਾਵਲਾ ਰਾਹੀਂ ਹੀ ਉਸਦੀ ਜਾਣ-ਪਛਾਣ ਪਾਕਿਸਤਾਨੀ ਖੁਫੀਆ ਅਧਿਕਾਰੀਆਂ ਨਾਲ ਹੋਈ ਸੀ। ਦੋਸ਼ੀ ਨੇ ਆਪ੍ਰੇਸ਼ਨ ਸਿੰਦੂਰ ਦੌਰਾਨ ਪਾਕਿਸਤਾਨ ਨਾਲ ਫੌਜ ਦੀਆਂ ਗਤੀਵਿਧੀਆਂ, ਫੌਜਾਂ ਦੀ ਤਾਇਨਾਤੀ ਅਤੇ ਭਾਰਤ ਵਿਚ ਰਣਨੀਤਿਕ ਸਥਾਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ, ਜੋ ਦੇਸ਼ ਦੀ ਰਾਸ਼ਟਰੀ ਸੁਰੱਖਿਆ ਲਈ ਇੱਕ ਵੱਡਾ ਖ਼ਤਰਾ ਬਣ ਸਕਦਾ ਸੀ।
ਮੁਲਜ਼ਮ ਤੋਂ ਇੱਕ ਮੋਬਾਈਲ ਫ਼ੋਨ ਵੀ ਬਰਾਮਦ ਹੋਇਆ ਹੈ, ਜਿਸ ਵਿਚ ਖੁਫੀਆ ਜਾਣਕਾਰੀ ਸੀ, ਜੋ ਆਈ.ਐੱਸ.ਆਈ. ਏਜੰਟਾਂ ਨੂੰ ਭੇਜੀ ਗਈ ਸੀ। ਆਈ.ਐੱਸ.ਆਈ. ਨਾਲ ਸਬੰਧਤ 20 ਤੋਂ ਵੱਧ ਸੰਪਰਕਾਂ ਬਾਰੇ ਜਾਣਕਾਰੀ, ਭਾਰਤ ਰਾਹੀਂ ਪਾਕਿ ਅਧਿਕਾਰੀਆਂ ਨਾਲ ਵਿੱਤੀ ਲੈਣ-ਦੇਣ ਦੇ ਸਬੂਤ ਵੀ ਮਿਲੇ ਹਨ।
ਪੁਲਿਸ ਅਤੇ ਖੁਫੀਆ ਏਜੰਸੀਆਂ ਇਸ ਜਾਸੂਸੀ ਨੈੱਟਵਰਕ ਦੀ ਪੂਰੀ ਰੂਪ-ਰੇਖਾ ਸਾਹਮਣੇ ਲਿਆਉਣ ਲਈ ਮੁਲਜ਼ਮ ਦੇ ਵਿੱਤੀ ਅਤੇ ਤਕਨੀਕੀ ਨੈੱਟਵਰਕ ਦੀ ਡੂੰਘਾਈ ਨਾਲ ਜਾਂਚ ਕਰ ਰਹੀਆਂ ਹਨ। ਮੁੱਢਲੇ ਸਬੂਤਾਂ ਦੇ ਆਧਾਰ ‘ਤੇ ਤਰਨਤਾਰਨ ਸਿਟੀ ਪੁਲਿਸ ਸਟੇਸ਼ਨ ਵਿਖੇ ਅਧਿਕਾਰਤ ਭੇਦ ਐਕਟ ਦੇ ਤਹਿਤ ਐੱਫ.ਆਈ.ਆਰ. ਦਰਜ ਕੀਤੀ ਗਈ ਹੈ ਅਤੇ ਅਗਲੇਰੀ ਕਾਰਵਾਈ ਤੇਜ਼ੀ ਨਾਲ ਕੀਤੀ ਜਾ ਰਹੀ ਹੈ।
ਪਾਕਿਸਤਾਨੀ ਆਈ.ਐੱਸ.ਆਈ. ਏਜੰਟਾਂ ਨੂੰ ਫੌਜੀ ਜਾਣਕਾਰੀ ਦੇਣ ਦੇ ਦੋਸ਼ ਹੇਠ ਵਿਅਕਤੀ ਗ੍ਰਿਫ਼ਤਾਰ
