#EUROPE

ਪਹਿਲੇ ਹੀ ਦਿਨ ਜੰਗਬੰਦੀ ਦੀ ਉਲੰਘਣਾ! ਇਜ਼ਰਾਈਲ-ਲੇਬਨਾਨ ਵਿਚਾਲੇ ਫਿਰ ਤੋਂ ਟਕਰਾਅ

ਇਜ਼ਰਾਈਲ, 29 ਨਵੰਬਰ (ਪੰਜਾਬ ਮੇਲ)-ਜੰਗਬੰਦੀ ਸਮਝੌਤੇ ਤਹਿਤ ਹਿਜ਼ਬੁੱਲਾ ਲੜਾਕਿਆਂ ਅਤੇ ਇਜ਼ਰਾਇਲੀ ਫੌਜ ਨੂੰ 60 ਦਿਨਾਂ ਦੇ ਅੰਦਰ ਦੱਖਣੀ ਲੇਬਨਾਨ ਤੋਂ ਪੂਰੀ ਤਰ੍ਹਾਂ ਪਿੱਛੇ ਹਟਣਾ ਸੀ। ਇਸ ਤੋਂ ਬਾਅਦ ਲੇਬਨਾਨੀ ਫੌਜ ਅਤੇ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਰੱਖਿਅਕਾਂ ਨੂੰ ਇਲਾਕੇ ‘ਚ ਤਾਇਨਾਤ ਕੀਤਾ ਜਾਣਾ ਸੀ। ਇਜ਼ਰਾਈਲੀ ਫੌਜ ਨੇ ਕਿਹਾ ਕਿ ਉਸ ਨੇ ਦੱਖਣੀ ਲੇਬਨਾਨ ਵੱਲ ਜਾ ਰਹੇ ਸ਼ੱਕੀ ਵਾਹਨਾਂ ਦੇ ਕਾਫਲੇ ਨੂੰ ਦੇਖਿਆ, ਜਿਸ ਉੱਤੇ ਹਮਲਾ ਕੀਤਾ ਗਿਆ। ਫੌਜ ਦਾ ਦੋਸ਼ ਹੈ ਕਿ ਹਿਜ਼ਬੁੱਲਾ ਨੇ ਜੰਗਬੰਦੀ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੈ। ਜਵਾਬ ਵਿਚ, ਉਨ੍ਹਾਂ ਨੇ ਦੱਖਣੀ ਲੇਬਨਾਨ ਦੇ ਕਈ ਖੇਤਰਾਂ ‘ਤੇ ਹਮਲਾ ਕੀਤਾ।
ਲੇਬਨਾਨੀ ਫੌਜ ਨੇ ਦੋਸ਼ ਲਾਇਆ ਕਿ ਇਜ਼ਰਾਇਲੀ ਬਲਾਂ ਨੇ ਬੁੱਧਵਾਰ ਅਤੇ ਵੀਰਵਾਰ ਨੂੰ ਕਈ ਵਾਰ ਜੰਗਬੰਦੀ ਦੀ ਉਲੰਘਣਾ ਕੀਤੀ। ਹਿਜ਼ਬੁੱਲਾ ਦੀ ਕੇਂਦਰੀ ਲੀਡਰਸ਼ਿਪ ਨੇ ਚੇਤਾਵਨੀ ਦਿੱਤੀ ਕਿ ਉਹ ਸਰਹੱਦ ਪਾਰ ਇਜ਼ਰਾਈਲੀ ਗਤੀਵਿਧੀਆਂ ਦੀ ਨਿਗਰਾਨੀ ਕਰਨਾ ਜਾਰੀ ਰੱਖਣਗੇ ਅਤੇ ਉਨ੍ਹਾਂ ਦੀਆਂ ”ਉਂਗਲਾਂ ਟਰਿੱਗਰ ‘ਤੇ ਹਨ”। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਫੌਜ ਨੂੰ ਕਿਸੇ ਵੀ ਉਲੰਘਣਾ ਦਾ ਤੁਰੰਤ ਜਵਾਬ ਦੇਣ ਲਈ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਉਸਨੇ ਕਿਹਾ, ”ਜੇ ਹਿਜ਼ਬੁੱਲਾ ਆਪਣੇ ਆਪ ਨੂੰ ਹਥਿਆਰਬੰਦ ਕਰਨ, ਰਾਕੇਟ ਲਾਂਚ ਕਰਨ, ਸੁਰੰਗਾਂ ਪੁੱਟਣ ਜਾਂ ਅੱਤਵਾਦੀ ਢਾਂਚੇ ਨੂੰ ਦੁਬਾਰਾ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਅਸੀਂ ਹਮਲਾ ਕਰਾਂਗੇ।”
ਇਜ਼ਰਾਈਲ ਤੇ ਹਿਜ਼ਬੁੱਲਾ ਦਰਮਿਆਨ ਇੱਕ ਜੰਗਬੰਦੀ ਸਮਝੌਤਾ ਲਗਭਗ 13 ਮਹੀਨਿਆਂ ਦੀ ਭਿਆਨਕ ਲੜਾਈ ਤੋਂ ਬਾਅਦ ਇਸ ਹਫਤੇ ਲਾਗੂ ਹੋਇਆ ਹੈ। ਇਹ ਸਮਝੌਤਾ ਅਮਰੀਕਾ ਅਤੇ ਲੇਬਨਾਨ ਦੀ ਵਿਚੋਲਗੀ ਨਾਲ ਹੋਇਆ ਹੈ।