#PUNJAB

ਪਹਿਲਾਂ 2 ਵੋਟਾਂ ਤੋਂ ਜਿੱਤਿਆ ਉਮੀਦਵਾਰ, ਫ਼ਿਰ ਅਧਿਕਾਰੀਆਂ ਨੇ ਉਹੀ 2 ਵੋਟਾਂ ਕਰ’ਤੀਆਂ ਰੱਦ!

ਖਰੜ, 16 ਅਕਤੂਬਰ (ਪੰਜਾਬ ਮੇਲ)- ਪਿੰਡ ਬੱਤਾਂ ਵਿਖੇ ਉਸ ਸਮੇਂ ਦਹਸ਼ਿਤ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਪਿੰਡ ‘ਚ ਪੰਚਾਇਤੀ ਚੋਣਾਂ ਨੂੰ ਲੈ ਕੇ ਸਰਪੰਚੀ ਦੇ ਉਮੀਦਵਾਰਾਂ ਦਾ ਮੁਕਾਬਲਾ ਬਰਾਬਰ ਕਰਾਰ ਦੇਣ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਸਾਰੇ ਪੋਲਿੰਗ ਸਟਾਫ਼ ਨੂੰ ਸਕੂਲ ਅੰਦਰ ਹੀ ਡੱਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਪਿੰਡ ਵਾਸੀਆਂ ਨੇ ਦੋਸ਼ ਲਾਏ ਕਿ ਪਹਿਲਾਂ ਸਰਪੰਚੀ ਦੇ ਉਮੀਦਵਾਰ ਬਲਵਿੰਦਰ ਸਿੰਘ ਨੂੰ 2 ਵੋਟਾਂ ਤੋਂ ਜੇਤੂ ਕਰਾਰ ਦੇ ਦਿੱਤਾ ਗਿਆ ਸੀ, ਜਦਕਿ ਦੂਜੀ ਪਾਰਟੀ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਲਾਲਾ ਨੂੰ ਹਰਾ ਦਿੱਤਾ ਗਿਆ ਸੀ। ਫਿਰ 2 ਘੰਟੇ ਬਾਅਦ ਦੁਬਾਰਾ ਗਿਣਤੀ ਕੀਤੀ ਗਈ, ਜਿਸ ਤੋਂ ਬਾਅਦ ਦੋ ਵੋਟਾਂ ਨੂੰ ਰੱਦ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਸਰਪੰਚੀ ਦੇ ਦੋਵਾਂ ਉਮੀਦਵਾਰਾਂ ਨੂੰ ਬਰਾਬਰ ਕਰਾਰ ਦਿੱਤਾ ਗਿਆ।
ਇਸ ਮਗਰੋਂ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਦੋਵਾਂ ਉਮੀਦਵਾਰਾਂ ਦੀ ਟਾਸ ਪਾ ਕੇ ਚੋਣ ਕਰਨ ਲਈ ਕਿਹਾ ਗਿਆ, ਜਿਸ ਤੋਂ ਬਾਅਦ ਉਮੀਦਵਾਰ ਬਲਵਿੰਦਰ ਸਿੰਘ ਦੇ ਸਮਰਥਕਾਂ ਵੱਲੋਂ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਤੇ ਡਿਊਟੀ ਤੋਂ ਬਾਅਦ ਵਾਪਸ ਜਾ ਰਹੇ ਮਹਿਲਾ ਪੋਲਿੰਗ ਸਟਾਫ ਦੀ ਬੱਸ ਨੂੰ ਪਿੰਡ ਵਿਚ ਹੀ ਡੱਕ ਲਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਪੰਚੀ ਦੇ ਉਮੀਦਵਾਰ ਬਲਵਿੰਦਰ ਸਿੰਘ ਨੇ ਕਿਹਾ ਕਿ ਉਸ ਨੂੰ ਪਹਿਲਾ 2 ਵੋਟਾਂ ‘ਤੇ ਜੇਤੂ ਕਰਾਰ ਦਿੱਤਾ ਗਿਆ ਸੀ, ਜਿਸ ਤੋਂ 2 ਘੰਟੇ ਬਾਅਦ ਉਸ ਦੀਆਂ 2 ਵੋਟਾਂ ਰੱਦ ਕਰਕੇ ਬਰਾਬਰ ਕਰ ਦਿੱਤਾ ਗਿਆ। ਇਸ ਮੌਕੇ ਐੱਸ.ਐੱਚ.ਓ. ਘੜੂੰਆਂ ਤੇ ਐੱਸ.ਐੱਚ.ਓ. ਥਾਣਾ ਸਦਰ ਖਰੜ ਤੇ ਹੋਰ ਅਧਿਕਾਰੀ ਤੇ ਮੁਲਾਜ਼ਮ ਮੌਕੇ ‘ਤੇ ਪਹੁੰਚੇ। ਇਸ ਮੌਕੇ ਬਲਵਿੰਦਰ ਸਿੰਘ ਦੇ ਸਮਰਥਕਾਂ ਨੇ ਕਿਹਾ ਕਿ ਜੇਕਰ ਸਮੱਸਿਆ ਦਾ ਹੱਲ ਨਾ ਹੋਇਆ, ਤਾਂ ਉਹ ਹਾਈਵੇਅ ਬੰਦ ਕਰਕੇ ਰੋਸ ਪ੍ਰਦਰਸ਼ਨ ਕਰਨਗੇ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਡੀ.ਐੱਮ. ਖਰੜ ਗੁਰਮਿੰਦਰ ਸਿੰਘ ਨੇ ਉਮੀਦਵਾਰ ਵੱਲੋਂ ਲੱਗੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਦੋਵਾਂ ਉਮੀਦਵਾਰਾਂ ਨੂੰ ਵੋਟਾਂ ਬਰਾਬਰ ਪਈਆਂ ਸਨ। ਉਨ੍ਹਾਂ ਦੱਸਿਆ ਕਿ ਇਸ ਦਾ ਹੱਲ ਹੁਣ ਟਾਸ ਹੀ ਹੈ। ਉਨ੍ਹਾਂ ਕਿਹਾ ਕਿ ਟਾਸ ਪਾਈ ਜਾਵੇਗੀ, ਜਿਸ ਤੋਂ ਬਾਅਦ ਹੀ ਸਰਪੰਚੀ ਦੀ ਉਮੀਦਵਾਰ ਐਲਾਨਿਆ ਜਾਵੇਗਾ।