-ਕਿਹਾ: ਮਾਨਸਿਕ ਰੋਗ ਨਾਲ ਪੀੜਤ ਹੋਣ ਕਰਕੇ ਵਾਪਰਿਆ ਹਾਦਸਾ
ਰੈਡਵੁੱਡ ਸਿਟੀ (ਕੈਲੀਫੋਰਨੀਆ), 8 ਮਈ (ਪੰਜਾਬ ਮੇਲ)- ਕੈਲੀਫੋਰਨੀਆ ਦੇ ਪੈਸਾਡੇਨਾ ਦੇ 42 ਸਾਲਾ ਡਾ. ਧਰਮੇਸ਼ ਪਟੇਲ ਨੇ ਪਿਛਲੇ ਸਾਲ 2 ਜਨਵਰੀ, 2023 ਨੂੰ ਆਪਣੇ ਸਮੇਤ, ਆਪਣੀ ਪਤਨੀ ਅਤੇ ਦੋ ਬੱਚਿਆਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਇਹ ਪਰਿਵਾਰ ਉਸ ਵਕਤ ਟੈਸਲਾ ਗੱਡੀ ਵਿਚ ਕਿਤੇ ਜਾ ਰਿਹਾ ਸੀ ਕਿ ਡਾ. ਧਰਮੇਸ਼ ਪਟੇਲ ਨੇ ਅਚਾਨਕ ਰਸਤੇ ਵਿਚ ਆਈ ਇਕ ਚੱਟਾਨ ਤੋਂ ਆਪਣੀ ਗੱਡੀ 250 ਫੁੱਟ ਹੇਠਾਂ ਸੁੱਟ ਦਿੱਤੀ। ਪਰ ਉਸ ਵਕਤ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਬਾਅਦ ਵਿਚ ਸੁਰੱਖਿਆ ਦਸਤਿਆਂ ਨੇ ਪਰਿਵਾਰ ਨੂੰ ਬਾਹਰ ਕੱਢਿਆ ਅਤੇ ਡਾ. ਧਰਮੇਸ਼ ਪਟੇਲ ਨੂੰ ਇਰਾਦਾ ਕਤਲ ਦੇ ਕੇਸ ‘ਚ ਹਿਰਾਸਤ ‘ਚ ਲੈ ਲਿਆ, ਜੋ ਕਿ ਹਾਲੇ ਤੱਕ ਵੀ ਜੇਲ੍ਹ ਵਿਚ ਹੈ।
ਹੁਣ ਉਸ ਦੀ ਪਤਨੀ ਨੇਹਾ ਪਟੇਲ ਨੇ ਅਦਾਲਤ ਵਿਚ ਆਪਣੀ ਗਵਾਹੀ ਦੌਰਾਨ ਆਪਣੇ ਬਿਆਨ ਬਦਲਦਿਆਂ ਕਿਹਾ ਕਿ ਇਹ ਕੋਈ ਕਤਲ ਦੀ ਕੋਸ਼ਿਸ਼ ਨਹੀਂ ਸੀ। ਨੇਹਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਮੇਰਾ ਪਤੀ ਮਾਨਸਿਕ ਰੋਗ ਨਾਲ ਪੀੜਤ ਹੈ, ਜਿਸ ਕਰਕੇ ਇਹ ਘਟਨਾ ਘਟੀ। ਉਸ ਨੇ ਅਦਾਲਤ ਨੂੰ ਇਹ ਵੀ ਕਿਹਾ ਕਿ ਮੈਂ ਤੇ ਮੇਰੇ ਬੱਚੇ ਡਾ. ਧਰਮੇਸ਼ ਪਟੇਲ ਤੋਂ ਬਗੈਰ ਨਹੀਂ ਰਹਿ ਸਕਦੇ। ਉਸ ਨੇ ਕਿਹਾ ਕਿ ਮਾਨਸਿਕ ਰੋਗ ਦੇ ਇਲਾਜ ਤੋਂ ਬਾਅਦ ਉਹ ਨਾਰਮਲ ਹੋ ਜਾਵੇਗਾ ਅਤੇ ਹਾਲਾਤ ਬਦਲ ਜਾਣਗੇ।
ਡਾ. ਧਰਮੇਸ਼ ਪਟੇਲ ਦੇ ਵਕੀਲਾਂ ਨੇ ਅਦਾਲਤ ਨੂੰ ਅਪੀਲ ਕੀਤੀ ਕਿ ਉਸ ਨੂੰ ਮਾਨਸਿਕ ਸਿਹਤ ਡਾਇਵਰਸ਼ਨ ਪ੍ਰੋਗਰਾਮ ਵਿਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ, ਜਿਸ ਵਿਚ ਦੋ ਸਾਲਾਂ ਦਾ ਇਲਾਜ ਸ਼ਾਮਲ ਹੈ, ਜੋਕਿ ਜੇਕਰ ਪੂਰਾ ਹੋ ਜਾਂਦਾ ਹੈ, ਅਤੇ ਉਸ ਦੇ ਦੋਸ਼ ਹਟਾ ਦਿੱਤੇ ਜਾਣ।