#EUROPE

ਪਰਮਾਣੂ ਹਥਿਆਰ ਲਈ ਯੂਰੇਨੀਅਮ ਦਾ ਭੰਡਾਰ ਵਧਾ ਰਿਹੈ ਇਰਾਨ : ਸੰਯੁਕਤ ਰਾਸ਼ਟਰ

ਵਿਏਨਾ, 21 ਨਵੰਬਰ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ਦੀ ਪ੍ਰਮਾਣੂ ਨਿਗਰਾਨੀ ਸੰਸਥਾ ਦੀ ਖੁਫੀਆ ਰਿਪੋਰਟ ਅਨੁਸਾਰ ਇਰਾਨ ਨੇ ਆਪਣੇ ਪ੍ਰਮਾਣੂ ਪ੍ਰੋਗਰਾਮ ‘ਤੇ ਰੋਕ ਲਾਉਣ ਦੀਆਂ ਕੌਮਾਂਤਰੀ ਪਾਬੰਦੀਆਂ ਦੀ ਉਲੰਘਣਾ ਕੀਤੀ ਹੈ ਅਤੇ ਉਸ ਨੇ ਆਪਣੇ ਯੂਰੇਨੀਅਮ ਆਧਾਰਿਤ ਭੰਡਾਰ ਨੂੰ ਹਥਿਆਰ ਨਿਰਮਾਣ ਦੇ ਪੱਧਰ ਤੱਕ ਵਧਾ ਲਿਆ ਹੈ। ਇਹ ਰਿਪੋਰਟ ਬੀਤੇ ਦਿਨੀਂ ਐਸੋਸੀਏਟਿਡ ਪ੍ਰੈੱਸ ਨੂੰ ਮਿਲੀ।
ਕੌਮਾਂਤਰੀ ਪ੍ਰਮਾਣੂ ਊਰਜਾ ਏਜੰਸੀ (ਆਈ.ਆਈ.ਏ.) ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ 26 ਅਕਤੂਬਰ ਤੱਕ ਇਰਾਨ ਕੋਲ 60 ਫੀਸਦੀ ਤੱਕ ਸ਼ੁੱਧ 182.3 ਕਿਲੋਗ੍ਰਾਮ ਯੂਰੇਨੀਅਮ ਹੈ, ਜੋ ਅਗਸਤ ਦੀ ਆਖਰੀ ਰਿਪੋਰਟ ਨਾਲੋਂ 17.6 ਕਿਲੋ ਵੱਧ ਹੈ। 60 ਫੀਸਦ ਸ਼ੁੱਧ ਯੂਰੇਨੀਅਮ ਹਥਿਆਰ ਪੱਧਰ ਦੇ 90 ਫੀਸਦ ਸ਼ੁੱਧਤਾ ਵਾਲੇ ਯੂਰੇਨੀਅਮ ਤੋਂ ਤਕਨੀਕੀ ਤੌਰ ‘ਤੇ ਕੁਝ ਹੀ ਕਦਮ ਦੂਰ ਹੈ। ਆਈ. ਆਈ. ਏ. ਨੇ ਆਪਣੀ ਤਿਮਾਹੀ ਰਿਪੋਰਟ ‘ਚ ਇਹ ਵੀ ਅਨੁਮਾਨ ਲਾਇਆ ਹੈ ਕਿ 26 ਅਕਤੂਬਰ ਤੱਕ ਇਰਾਨ ਕੋਲ ਕੁੱਲ 6,604.4 ਕਿਲੋ ਯੂਰੇਨੀਅਮ ਦਾ ਭੰਡਾਰ ਸੀ, ਜੋ ਅਗਸਤ ਦੇ 852.6 ਕਿਲੋ ਭੰਡਾਰ ਤੋਂ ਵੱਧ ਹੈ। ਆਈ.ਆਈ.ਏ. ਦੀ ਪਰਿਭਾਸ਼ਾ ਅਨੁਸਾਰ 60 ਫੀਸਦ ਸ਼ੁੱਧਤਾ ਤੱਕ ਯੂਰੇਨੀਅਮ ਦੀ ਮਾਤਰਾ ਤਕਰੀਬਨ 42 ਕਿਲੋ ਹੈ, ਜਿਸ ‘ਤੇ ਜੇ ਸਮੱਗਰੀ ਨੂੰ ਹੋਰ 90 ਫੀਸਦ ਤੱਕ ਵਧਾ ਦਿੱਤਾ ਜਾਵੇ, ਤਾਂ ਸਿਧਾਂਤਕ ਤੌਰ ‘ਤੇ ਇਕ ਪ੍ਰਮਾਣੂ ਹਥਿਆਰ ਬਣਾਉਣਾ ਸੰਭਵ ਹੈ।