#AMERICA

ਪਤਨੀ ਦੀ ਹੱਤਿਆ ‘ਚ ਲੋੜੀਂਦਾ ਸ਼ੱਕੀ ਭਾਰਤੀ 10 ਸਾਲ ਬੀਤੇ ਜਾਣ ‘ਤੇ ਵੀ ਪੁਲਿਸ ਦੀ ਪਹੁੰਚ ਤੋਂ ਬਾਹਰ

ਸੈਕਰਾਮੈਂਟੋ, 4 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਨਾਪੋਲਿਸ, ਮੈਰੀਲੈਂਡ ‘ਚ 12 ਅਪ੍ਰੈਲ 2015 ਨੂੰ 21 ਸਾਲਾ ਭਾਰਤੀ ਮੂਲ ਦੀ ਪਲਕ ਪਟੇਲ ਦੀ ਚਾਕੂ ਮਾਰ ਕੇ ਕੀਤੀ ਹੱਤਿਆ ਦੇ ਮਾਮਲੇ ‘ਚ ਲੋੜੀਂਦਾ ਸ਼ੱਕੀ ਉਸ ਦਾ ਪਤੀ ਭਦਰੇਸ਼ਕੁਮਾਰ ਚੇਤਨਬਾਈ ਪਟੇਲ ਅਜੇ ਵੀ ਲਾਅ ਇਨਫੋਰਸਮੈਂਟ ਏਜੰਸੀਆਂ ਦੀ ਪਹੁੰਚ ਤੋਂ ਬਾਹਰ ਹੈ ਤੇ ਉਸ ਦੀ ਕੋਈ ਉੱਗ-ਸੁੱਗ ਨਹੀਂ ਹੈ ਕਿ ਉਹ ਕਿਸੇ ਹੋਰ ਦੇਸ਼ ‘ਚ ਭੱਜ ਗਿਆ ਹੈ ਜਾਂ ਅਮਰੀਕਾ ‘ਚ ਹੀ ਕਿਤੇ ਦੜਿਆ ਬੈਠਾ ਹੈ। ਐੱਫ.ਬੀ.ਆਈ. ਨੇ ਉਸ ਨੂੰ 10 ਅੱਤ ਲੋੜੀਂਦੇ ਭਗੌੜਿਆਂ ਦੀ ਸੂਚੀ ‘ਚ ਪਾਇਆ ਹੋਇਆ ਹੈ ਤੇ ਉਸ ਉਪਰ 2,50,000 ਡਾਲਰ ਦਾ ਇਨਾਮ ਐਲਾਨਿਆ ਹੋਇਆ ਹੈ। ਐੱਫ.ਬੀ.ਆਈ. ਨੇ ਪਲਕ ਦੇ 32ਵੇਂ ਜਨਮ ਦਿਨ ਮੌਕੇ 31 ਮਈ, 2025 ਨੂੰ ਆਮ ਲੋਕਾਂ ਨੂੰ ਫਿਰ ਅਪੀਲ ਕੀਤੀ ਹੈ ਕਿ ਉਹ ਭਗੌੜੇ ਪਟੇਲ ਨੂੰ ਗ੍ਰਿਫਤਾਰ ਕਰਵਾਉਣ ‘ਚ ਮਦਦ ਕਰੇ। ਇਹ ਘਟਨਾ ਇਕ ਮੈਰੀਲੋਂਡ ਡੋਨਟ ਸ਼ਾਪ ਵਿਚ ਅੱਧੀ ਰਾਤ ਤੋਂ ਪਹਿਲਾਂ ਵਾਪਰੀ ਸੀ, ਜਿਥੇ ਦੋਨੋਂ ਪਤੀ-ਪਤਨੀ ਕੰਮ ਕਰਦੇ ਸਨ। ਸੀ.ਸੀ.ਟੀ.ਵੀ. ਵੀਡੀਓ ‘ਚ ਪਲਕ ਆਪਣੇ ਪਤੀ ਭਦਰੇਸ਼ਕੁਮਾਰ ਦੇ ਮਗਰ ਸਟੋਰੇਜ ਖੇਤਰ ‘ਚ ਜਾ ਰਹੀ ਹੈ, ਜਿਥੇ ਉਸ ਦਾ ਕਤਲ ਹੋਇਆ ਸੀ। ਐੱਫ.ਬੀ.ਆਈ. ਬਾਲਟੀਮੋਰ ਫੀਲਡ ਦਫਤਰ ਦੇ ਵਿਸ਼ੇਸ਼ ਏਜੰਟ ਜੋਨਾਥਨ ਸ਼ਫਰ ਅਨੁਸਾਰ ਘਟਨਾ ਉਪਰੰਤ ਭਦਰੇਸ਼ਕੁਮਾਰ ਤੁਰੰਤ ਪਿਛਲੇ ਦਰਵਾਜ਼ੇ ਰਾਹੀਂ ਫਰਾਰ ਹੋ ਗਿਆ ਤੇ ਅੱਜ ਤੱਕ ਲਾਅ ਏਨਫੋਰਸਮੈਂਟ ਅਧਿਕਾਰੀਆਂ ਦੇ ਹੱਥ ਨਹੀਂ ਆਇਆ ਹੈ। ਪਲਕ ਅਰਵਿੰਦਭਾਈ ਪਟੇਲ ਦਾ ਜਨਮ 1993 ‘ਚ ਅਹਿਮਦਾਬਾਦ ਵਿਚ ਹੋਇਆ ਸੀ। 25 ਨਵੰਬਰ 2013 ਨੂੰ ਉਸ ਦਾ ਵਿਆਹ ਭਦਰੇਸ਼ਕੁਮਾਰ ਪਟੇਲ ਨਾਲ ਹੋਇਆ ਸੀ। ਦੋਨੋਂ ਪਤੀ-ਪਤਨੀ ਸਤੰਬਰ 2014 ਵਿਚ ਅਮਰੀਕਾ ਆਏ ਸਨ। ਦੋਨੋਂ ਆਪਣੇ ਰਿਸ਼ਤੇਦਾਰ ਦੀ ਡੋਨਟ ਸ਼ਾਪ ‘ਤੇ ਕੰਮ ਕਰਦੇ ਸਨ। ਮੌਤ ਤੋਂ ਪਹਿਲਾਂ ਪਲਕ ਭਾਰਤ ਜਾਣਾ ਚਹੁੰਦੀ ਸੀ। ਸ਼ਫਰ ਅਨੁਸਾਰ ਪਲਕ ਦੀ ਹੱਤਿਆ ਪਿੱਛੇ ਮਕਸਦ ਅਜੇ ਸਾਫ ਨਹੀਂ ਹੈ ਪਰੰਤੂ ਭਦਰੇਸ਼ ਕੁਮਾਰ ਨਹੀਂ ਸੀ ਚਾਹੁੰਦਾ ਕਿ ਉਹ ਭਾਰਤ ਜਾਵੇ। ਪਲਕ ਨੂੰ ਇਸ ਗੱਲ ਦੀ ਕੋਈ ਭਿਣਕ ਨਹੀਂ ਸੀ ਕਿ ਉਸ ਦਾ ਕਤਲ ਕਰ ਦਿੱਤਾ ਜਾਵੇਗਾ। ਪਲਕ ਦੀ ਮਾਂ ਨੇ ਕਿਹਾ ਹੈ ਕਿ ਉਹ ਆਪਣੀ ਧੀ ਲਈ ਇਨਸਾਫ ਚਾਹੁੰਦੀ ਹੈ। ਉਸ ਦੇ ਪਤੀ ਨੇ ਬਿਨਾਂ ਕਿਸੇ ਕਾਰਨ ਮੇਰੀ ਧੀ ਨਾਲ ਧੋਖਾ ਕੀਤਾ ਹੈ। ਮੈਨੂੰ ਵਿਸ਼ਵਾਸ ਹੈ ਕਿ ਇਕ ਨਾ ਇਕ ਦਿਨ ਭਦਰੇਸ਼ਕੁਮਾਰ ਫੜਿਆ ਜਾਵੇਗਾ।