ਪਟਿਆਲਾ, 10 ਦਸੰਬਰ (ਪੰਜਾਬ ਮੇਲ)- ਕੇਂਦਰੀ ਜੇਲ੍ਹ ਪਟਿਆਲਾ ਵਿੱਚ ਕੈਦੀਆਂ ਦੇ ਦੋ ਗਰੁੱਪਾਂ ਦੀ ਆਪਸ ਵਿੱਚ ਤਕਰਾਰ ਹੋ ਗਈ । ਇਸ ਦੌਰਾਨ ਕਿਸੇ ਨੁਕੀਲੀ ਚੀਜ਼ ਨਾਲ ਕੀਤੇ ਗਏ ਹਮਲੇ ਦੌਰਾਨ ਦੋ ਕੈਦੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ ਹੈ। ਜਦ ਕਿ ਆਪਸ ਵਿੱਚ ਲੜ ਰਹੇ ਕੈਦੀਆਂ ਨੂੰ ਹਟਾਉਣ ਲਈ ਵਿਚਾਲੇ ਆਏ ਦੋ ਜੇਲ੍ਹ ਵਾਰਡਨਾਂ ਨੂੰ ਵੀ ਸੱਟਾਂ ਵੱਜੀਆਂ। ਇਸ ਦੌਰਾਨ ਕਈ ਹੋਰ ਕੈਦੀ ਜ਼ਖ਼ਮੀ ਹੋ ਗਏ। ਇਸ ਸਬੰਧੀ ਜੇਲ੍ਹ ਪ੍ਰਸ਼ਾਸਨ ਵੱਲੋਂ ਦਰਜਨ ਭਰ ਬੰਦੀਆਂ ਖਿਲਾਫ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਿਸ ਦੇ ਆਧਾਰ ’ਤੇ ਥਾਣਾ ਤ੍ਰਿਪੜੀ ਪਟਿਆਲਾ ਦੀ ਪੁਲੀਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।