ਲੰਡਨ, 11 ਜੁਲਾਈ (ਪੰਜਾਬ ਮੇਲ)- ਸਾਬਕਾ ਵਿਸ਼ਵ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਚ ਨੇ ਬੁੱਧਵਾਰ ਨੂੰ ਵਿੰਬਲਡਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ ਕਿਉਂਕਿ ਐਲੇਕਸ ਡੀ ਮਿਨੌਰ ਕਮਰ ਦੀ ਸੱਟ ਕਾਰਨ ਮੈਚ ਤੋਂ ਹਟ ਗਿਆ। ਆਸਟ੍ਰੇਲੀਆ ਦੇ ਨੌਵਾਂ ਦਰਜਾ ਪ੍ਰਾਪਤ ਡੀ ਮਿਨੋਰ ਨੇ ਸੈਂਟਰ ਕੋਰਟ ‘ਤੇ ਜੋਕੋਵਿਚ ਦੇ ਖਿਲਾਫ ਕੁਆਰਟਰ ਫਾਈਨਲ ਮੁਕਾਬਲੇ ਤੋਂ ਕੁਝ ਘੰਟੇ ਪਹਿਲਾਂ ਟੂਰਨਾਮੈਂਟ ਤੋਂ ਹਟਣ ਦਾ ਐਲਾਨ ਕੀਤਾ।
ਡੀ ਮਿਨੋਰ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ, ”ਸਪੱਸ਼ਟ ਤੌਰ ‘ਤੇ ਇਹ ਉਹ ਘੋਸ਼ਣਾ ਨਹੀਂ ਹੈ, ਜੋ ਮੈਂ ਕਰਨਾ ਚਾਹੁੰਦਾ ਸੀ। ਮੈਂ ਟੁੱਟ ਚੁੱਕਾ ਹਾਂ,” ਉਸ ਨੇ ਕਿਹਾ ਕਿ ਸੋਮਵਾਰ ਨੂੰ ਚੌਥੇ ਦੌਰ ‘ਚ ਆਰਥਰ ਫੀਲਡਜ਼ ‘ਤੇ 6-2, 6-4, 4-6, 6-3 ਨਾਲ ਜਿੱਤ ਦਰਜ ਕਰਨ ਦੌਰਾਨ ਉਸ ਨੇ ‘ਕਰੈਕ’ ਦੀ ਆਵਾਜ਼ ਸੁਣੀ। ਜਦੋਂ ਉਹ ਮੈਚ ਖਤਮ ਹੋਇਆ, ਡੀ ਮਿਨੌਰ ਨੇ ਸਾਵਧਾਨੀ ਨਾਲ ਨੈੱਟ ਵੱਲ ਤੁਰਿਆ ਪਰ ਬਾਅਦ ਵਿਚ ਮੀਡੀਆ ਨਾਲ ਗੱਲ ਕਰਦੇ ਹੋਏ ਸਥਿਤੀ ਦੀ ਗੰਭੀਰਤਾ ਨੂੰ ਨਕਾਰਿਆ।
ਇਸ ਵਾਕਓਵਰ ਨਾਲ ਜੋਕੋਵਿਚ ਨੇ 13ਵੀਂ ਵਾਰ ਵਿੰਬਲਡਨ ਦੇ ਸੈਮੀਫਾਈਨਲ ਵਿਚ ਥਾਂ ਬਣਾਈ ਅਤੇ ਇਸ ਤਰ੍ਹਾਂ ਪੁਰਸ਼ ਸਿੰਗਲਜ਼ ਵਿਚ ਰੋਜਰ ਫੈਡਰਰ ਦੇ ਰਿਕਾਰਡ ਦੀ ਬਰਾਬਰੀ ਕਰ ਲਈ। ਦੂਜਾ ਦਰਜਾ ਪ੍ਰਾਪਤ ਜੋਕੋਵਿਚ ਨੇ ਪੁਰਸ਼ ਸਿੰਗਲਜ਼ ਵਿੱਚ ਆਪਣੇ ਰਿਕਾਰਡ 24 ਗ੍ਰੈਂਡ ਸਲੈਮ ਵਿਚੋਂ ਸੱਤ ਵਿੰਬਲਡਨ ਜਿੱਤੇ ਹਨ। ਫਾਈਨਲ ਵਿਚ ਥਾਂ ਬਣਾਉਣ ਲਈ ਜੋਕੋਵਿਚ ਦਾ ਸਾਹਮਣਾ ਟੇਲਰ ਫਰਿਟਜ਼ ਅਤੇ ਲੋਰੇਂਜ਼ੋ ਮੁਸੇਟੀ ਵਿਚਾਲੇ ਸ਼ੁੱਕਰਵਾਰ ਨੂੰ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ।